ਧੂਰੀ, 20 ਜੂਨ (ਲਖਵੀਰ ਸਿੰਘ ਧਾਂਦਰਾ) - ਪਿੰਡ ਬੇਨੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ ਯੋਗ ਅਤੇ ਖੁੱਲ੍ਹੀ ਜਗ੍ਹਾ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ 83ਵੇਂ ਦਿਨ ਅੱਜ ਪਿੰਡ ਦੀਆਂ ਬੀਬੀਆਂ ਨੇ ਗੁਰੂ ਰਵਿਦਾਸ, ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਪਿੰਡ ਬੇਨੜਾ ਦੀ ਅਗਵਾਈ ਹੇਠ ਸੰਗਰੂਰ-ਧੂਰੀ ਹਾਈਵੇ ਉੱਪਰ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀਬੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੰਡ ਦੇ ਬੱਚਿਆਂ ਲਈ ਮਿਆਰੀ ਅਤੇ ਖੁੱਲ੍ਹੀ ਜਗ੍ਹਾ ਵਿੱਚ ਨਵਾਂ ਸਰਕਾਰੀ ਸਕੂਲ ਬਣਾਉਣ ਦੀ ਮੰਗ ਦੁਹਰਾਈ। ਸਤਿਗੁਰ ਰਵਿਦਾਸ ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਪਿੰਡ ਬੇਨੜਾ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਰਾਮ ਸਿੰਘ ਤੇ ਸਕੱਤਰ ਸਾਬਕਾ ਬਲਾਕ ਸੰਮਤੀ ਮੈਂਬਰ ਦਰਬਾਰ ਸਿੰਘ ਨੇ ਕਿਹਾ ਕਿ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਾਲ 1973 ਵਿੱਚ ਕੇਵਲ 6 ਵਿਸਵਿਆਂ ਜਗ੍ਹਾ ਵਿੱਚ ਬਣਾਇਆ ਗਿਆ ਸੀ। ਉਸ ਸਮੇਂ ਪਿੰਡ ਦੀ ਆਬਾਦੀ ਅਤੇ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ, ਪਰ ਅੱਜ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਲਗਭਗ ਇੱਕ ਸਾਲ ਪਹਿਲਾਂ ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ, ਜਿਸ ਕਾਰਨ ਬੱਚੇ ਧਰਮਸ਼ਾਲਾ ਵਿੱਚ ਪੜ੍ਹਨ ਲਈ ਮਜਬੂਰ ਹਨ। ਇਸ ਮੌਕੇ ਬੀਬੀਆਂ ਸਹਾਇਕ ਸਕੱਤਰ ਕਿਰਨਦੀਪ ਕੌਰ, ਬਲਬੀਰ ਕੌਰ, ਬੀਬ ਕੌਰ ਸੁਖਵਿੰਦਰ ਕੌਰ ਹਰਬੰਸ ਕੌਰ, ਰਾਜ ਕੌਰ ਅੰਗਰੇਜ਼ ਕੌਰ, ਗੁਰਮੀਤ ਕੌਰ ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਤੰਤਰੀ ਢੰਗ ਨਾਲ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ।