ਸ਼ੇਰਪੁਰ, 20 ਜੂਨ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ਼ ਜੋਸ਼ੀ) - ਸ਼ੇਰਪੁਰ ਪੁਲਿਸ਼ ਵਲੋਂ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਦੇ ਸਹਿਯੋਗ ਨਾਲ ਬੀਤੀ 18 ਮਈ ਨੂੰ ਬੜੀ ਚੌਂਕ ਸ਼ੇਰਪੁਰ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਸੇਵਾ ਕੇਂਦਰ ‘ਤੇ ਕੰਮ ਕਰਦੀ ਲੜਕੀ ਕੋਲੋਂ ਪਿਸਤੌਲ ਦਿਖਾ ਕੇ 40 ਹਜਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਘਟਨਾ ਬਾਬਤ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਮੁਨੀਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਢੰਡਾ ਪੱਤੀ ਸ਼ੇਰਪੁਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਉਪਰੰਤ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ ਨੰਬਰ 54 ਦਰਜ ਕੀਤਾ ਗਿਆ ਸੀ। ਥਾਣਾ ਸ਼ੇਰਪੁਰ ਵਿਖੇ ਪ੍ਰੈਸ਼ ਕਾਨਫਰੰਸ ਦੌਰਾਨ ਸਬ ਡਵੀਜਨ ਧੂਰੀ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਤੇ ਤਫਤੀਸੀ ਅਫ਼ਸਰ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਸਹਿਯੋਗ ਨਾਲ ਟੀਮਾਂ ਬਣਾ ਕੇ ਇਨ੍ਹਾਂ ਵਿਅਕਤੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਸ਼ੇਰਪੁਰ ਪੁਲਿਸ਼ ਨੂੰ 14 ਜੂਨ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਮੇਜਰ ਸਿੰਘ ਵਾਸੀ ਬਰੜਵਾਲ (ਸੰਗਰੂਰ) ਅਤੇ ਪਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਸੇਵਕ ਸਿੰਘ ਵਾਸੀ ਜਾਤੀਮਾਜਰਾ (ਸੰਗਰੂਰ) ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸ ਉਪਰੰਤ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਵੱਲੋਂ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਪੁਲ ਕੱਸੀ ਸ਼ੇਰਪੁਰ ਤੋਂ ਸਮੇਤ ਵਾਰਦਾਤ ਮੌਕੇ ਵਰਤਿਆ ਮੋਟਰਸਾਈਕਲ, ਪਿਸਟਲ ਦੇਸੀ ਕੱਟਾ ਤੇ 9 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਲਈ ਇਸ ਦੀ ਰੈਕੀ ਜਸਨਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਰੜਵਾਲ (ਸੰਗਰੂਰ) ਅਤੇ ਸਿਮਰਨਜੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਬੌੜਾ ਤਹਿਸੀਲ ਨਾਭਾ (ਪਟਿਆਲਾ) ਨੇ ਕੀਤੀ ਸੀ, ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਨ੍ਹਾਂ ਕੋਲੋਂ ਰੈਕੀ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਕਰਵਾਈ ਗਈ। ਪਰਵਿੰਦਰ ਸਿੰਘ ਉਰਫ ਰਵੀ ਜੋ ਕਿ ਕਿਸੇ ਹੋਰ ਮਾਮਲੇ ‘ਚ ਜੇਲ੍ਹ ਵਿੱਚ ਬੰਦ ਸੀ, ਉਸ ਨੂੰ ਵੀ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਗ੍ਰਿਫਤਾਰੀ ਪਾਈ ਗਈ ਤੇ ਉਸ ਕੋਲੋਂ ਲੁੱਟ ਕੀਤਾ ਹੋਇਆ ਬੈਗ ਵੀ ਬਰਾਮਦ ਕਰਵਾਇਆ ਗਿਆ। ਡੀ.ਐਸ.ਪੀ ਧੂਰੀ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਮਨਪ੍ਰੀਤ ਸਿੰਘ, ਜਸਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਦਾ ਪੰਜ ਦਿਨਾਂ ਦਾ ਅਤੇ ਪਰਵਿੰਦਰ ਸਿੰਘ ਦਾ ਤਿੰਨ ਦਿਨ ਦਾ ਪੁਲਿਸ਼ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਅਕਤੀਆਂ ਦੁਆਰਾ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਆਪਣੇ ਸ਼ੌਂਕ ਪੂਰੇ ਕਰਨ ਲਈ ਬੇਖੌਫ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਉਨ੍ਹਾਂ ਇਸ ਪੂਰੇ ਮਾਮਲੇ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਨੂੰ ਟਰੇਸ਼ ਕਰਨ ‘ਚ ਪੁਲਿਸ਼ ਦੀ ਸਹਾਇਤਾ ਕਰਨ ਬਦਲੇ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ - ਸ਼ੇਰਪੁਰ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਡੀ.ਐਸ.ਪੀ ਧੂਰੀ ਗੁਰਪ੍ਰੀਤ ਸਿੰਘ,ਐਸ.ਐਚ.� ਸ਼ੇਰਪੁਰ ਗੁਰਪਾਲ ਸਿੰਘ,ਮਾਮਲੇ ਦੇ ਤਫਤੀਸੀ ਅਫ਼ਸਰ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ, ਸਹਾਇਕ ਥਾਣੇਦਾਰ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਨਿਰਭੈ ਸਿੰਘ,ਮੁੱਖ ਮੁਨਸ਼ੀ ਹੌਲਦਾਰ ਲਖਵਿੰਦਰ ਸਿੰਘ ਲੱਖਾ,ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਜਗਪਾਲ ਸਿੰਘ,ਸਿਪਾਹੀ ਜਸਵੀਰ ਸਿੰਘ,ਨਸ਼ਾ ਰੋਕੂ ਕਮੇਟੀ ਖੇੜੀ ਕਲਾਂ - ਸ਼ੇਰਪੁਰ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਆਦਿ ਮੌਜੂਦ ਸਨ।