ਜਲੰਧਰ, 20 ਜੂਨ (ਜਸਪਾਲ ਸਿੰਘ)- ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਰਸਮੀ ਤੌਰ ‘ਤੇ ਸਾਲ 2014 ਤੋਂ ਹੋਈ ਹੈ ਪਰ ਅਸਲ ‘ਚ ਪੁਰਾਣੇ ਸਮਿਆਂ ਤੋਂ ਹੀ ਯੋਗ ਇਨਸਾਨ ਦੇ ਅੰਗ-ਸੰਗ ਰਿਹਾ ਹੈ ਤੇ ਇਹ ਇਕ ਪ੍ਰਾਚੀਨ ਭਾਰਤੀ ਵਿੱਦਿਆ ਹੈ, ਜੋ ਸਰੀਰ, ਮਨ ਤੇ ਆਤਮਾ ਨੂੰ ਸਿਹਤਮੰਦ ਬਣਾਉਣ ‘ਚ ਮਦਦ ਕਰਦੀ ਹੈ। ਇਸ ਦੀ ਸਰੀਰਕ ਤੇ ਮਾਨਸਿਕ ਤੌਰ ‘ਤੇ ਅਹਿਮੀਅਤ ਨੂੰ ਦੇਖਦੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਨਾਲ 21 ਜੂਨ ਨੂੰ ਅੰਤਰ ਰਾਸ਼ਟਰੀ ਪੱਧਰ ‘ਤੇ ਯੋਗ ਦਿਵਸ ਮਨਾਇਆ ਜਾਣ ਲੱਗਾ ਹੈ । ਭਾਰਤ ‘ਚ ਇਸ ਵਾਰ ਦਾ ਯੋਗ ਦਿਵਸ ਸੰਬੰਧੀ ਕੌਮੀ ਪੱਧਰ ਦਾ ਸਮਾਗਮ ਮੱਧ ਪ੍ਰਦੇਸ਼ ਦੇ ਜੱਬਲਪੁਰ ਵਿਖੇ ਹੋ ਰਿਹਾ ਹੈ, ਜਿੱਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਰਹੇ ਹਨ। ਇਸ ਵਾਰ ਦਾ ਯੋਗ ਦਿਵਸ ਥੀਮ ‘ਯੋਗਾ ਫਾਰ ਹੈਲਦੀ ਏਜਿੰਗ’ ਭਾਵ ਸਿਹਤਮੰਦ ਬੁਢਾਪੇ ਲਈ ਯੋਗ’ ਰੱਖਿਆ ਗਿਆ ਹੈ, ਕਿਉਂਕਿ ਯੋਗ ਕਰਨ ਵਾਲਾ ਇਨਸਾਨ ਆਮ ਵਿਅਕਤੀ ਨਾਲੋਂ ਜ਼ਿਆਦਾ ਰਿਸ਼ਟ-ਪੁਸ਼ਟ ਅਤੇ ਚੁਸਤ-ਦਰੁੱਸਤ ਰਹਿੰਦਾ ਹੈ । ਕਿਹਾ ਜਾਂਦਾ ਹੈ ਕਿ ਸਵੇਰ ਦੇ ਸਮੇਂ ਯੋਗ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਹਰ ਵਿਅਕਤੀ ਨੂੰ ਸਵੇਰੇ ਘੱਟੋ-ਘੱਟ 20 ਤੋਂ 25 ਮਿੰਟ ਯੋਗ ਜ਼ਰੂਰ ਕਰਨਾ ਚਾਹੀਦਾ ਹੈ । ‘ਯੋਗ’ ਸ਼ਬਦ ਸੰਸਕ੍ਰਿਤ ਦੇ ‘ਯੁੱਜ’ ਸ਼ਬਦ ਤੋ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜੋਡ਼ਨਾ । ਯੋਗ ਸਰੀਰ ਤੇ ਮਨ ਨੂੰ ਅਰੋਗ ਰੱਖਦਾ ਹੈ ਤੇ ਨਾਲ ਹੀ ਆਤਮਾ ਦਾ ਵਿਕਾਸ ਕਰਦਿਆਂ ਹੋਇਆ ਅਧਿਆਤਮਿਕ ਪੱਖੋਂ ਵੀ ਚਡ਼੍ਹਦੀ ਕਲਾ ਵੱਲ ਲਿਜਾਂਦਾ ਹੈ ਤੇ ਸੁਚੱਜੀ ਜੀਵਨਸ਼ੈਲੀ ਪ੍ਰਦਾਨ ਕਰਦਾ ਹੋਇਆ ਯੋਗ ਅਨੁਸ਼ਾਸਨ ਵਿਚ ਰਹਿਣ ਦੀ ਜਾਚ ਦੱਸਦਾ ਹੈ । ਮਹਾਂਰਿਸ਼ੀ ਪਤਜੰਲੀ ਨੇ ਯੋਗ ਦੇ ਅੱਠ ਅੰਗ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਸਮਾਧੀ, ਧਾਰਨਾ ਅਤੇ ਧਿਆਨ ਦੱਸੇ ਹਨ । ਪ੍ਰਾਣਾਯਾਮ ਕਰਨ ਨਾਲ ਜ਼ਿੰਦਗੀ ਸੁਖਾਵੀਂ ਤੇ ਅਰੋਗ ਰਹਿੰਦੀ ਹੈ । ਖੂਨ ਬਹੁਤ ਚੰਗੀ ਤਰਾਂ ਸਾਫ਼ ਹੋ ਜਾਂਦਾ ਹੈ ਤੇ ਨਾਡ਼ਾਂ ਵਿਚ ਰੁਕਾਵਟ ਨਹੀਂ ਪੈਂਦੀ। ਗ੍ਰੰਥੀਆਂ ਠੀਕ ਢੰਗ ਨਾਲ ਕੰਮ ਕਰਦੀਆਂ ਹਨ ਤੇ ਨਰਵਜ਼ ਸਿਸਟਮ (ਨਾਡ਼ੀ ਤੰਤਰ) ਠੀਕ ਕੰਮ ਕਰਦਾ ਹੈ । ਇਨਸਾਨ ਦਿਮਾਗੀ ਪ੍ਰੇਸਾਨੀਆਂ ਤੋਂ ਬਚਿਆ ਰਹਿੰਦਾ ਤੇ ਮਨ ‘ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲਦੀ ਹੈ । ਅਨੁਲੋਮ-ਵਿਲੋਮ, ਕਪਾਲਭਾਤੀ, ਅਗਨੀਸਾਰ ਤੇ ਭਰਾਮਰੀ ਬਹੁਤ ਹੀ ਮਹੱਤਵਪੂਰਨ ਪ੍ਰਾਣਾਯਾਮ ਹਨ । ਯੋਗ ਕਰਨ ਨਾਲ ਬਿਮਾਰੀਆਂ ਨਾਲ ਲਡ਼ਨ ਦੀ ਸ਼ਕਤੀ ਵੀ ਵਧਦੀ ਹੈ ਤੇ ਆਤਮ-ਵਿਸ਼ਵਾਸ਼ ਇਨਸਾਨ ਨੂੰ ਅਗਾਂਹਵਧੂ ਤੇ ਸੁਚਾਰੂ ਸੋਚ ਦਾ ਧਾਰਨੀ ਬਣਾਉਂਦਾ ਹੈ । ਪਰ ਅੱਜ ਦੀ ਭੱਜ-ਦੌਡ਼ ਭਰੀ ਜ਼ਿੰਦਗੀ ‘ਚ ਇਨਸਾਨ ਕੋਲ ਆਪਣੇ ਲਈ ਵੀ ਵਕਤ ਨਹੀਂ ਰਿਹਾ। ਸਵੇਰੇ ਕੰਮ ‘ਤੇ ਜਾਣ ਦੀ ਕਾਹਲੀ ਅਤੇ ਸ਼ਾਮ ਨੂੰ ਕੰਮ ਤੋਂ ਥੱਕੇ ਹੋਏ ਇਨਸਾਨ ਕੋਲ ਸੈਰ ਜਾਂ ਫਿਰ ਕਸਰਤ ਆਦਿ ਦਾ ਸਮਾਂ ਹੀ ਨਹੀਂ ਹੁੰਦਾ । ਇੱਥੇ ਹੀ ਬੱਸ ਨਹੀਂ ਹੱਥੀਂ ਕੰਮ ਨਾ ਕਰਨ ਦੀ ਆਦਤ ਅਤੇ ਆਰਾਮਦਾਇਕ ਰਹਿਣ ਸਹਿਣ ਤੋਂ ਇਲਾਵਾ ਫਾਸਟ-ਫੂਡ ਦੀ ਲੋਡ਼ ਤੋਂ ਵਧੇਰੇ ਵਰਤੋਂ ਕਾਰਨ ਇਨਸਾਨ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਚ ਘਿਰਦਾ ਜਾ ਰਿਹਾ ਹੈ । ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਯੋਗ ਇਕ ਬੇਹੱਦ ਕਾਰਗਰ ਉਪਾਅ ਸਮਝਿਆ ਜਾਂਦਾ ਹੈ ਤੇ ਯੋਗ ਨਾਲ ਨਾ ਕੇਵਲ ਸਿਹਤਮੰਦ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੈ ਬਲਕਿ ਮਨ ਦੀ ਸ਼ਾਂਤੀ ਵੀ ਮਿਲਦੀ ਹੈ।