ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਾਜ਼ਾਰਾਂ ’ਚ ਆਵਾਜਾਈ ਠੱਪ ਰਹਿਣ ਦੀ ਸਮੱਸਿਆ ਦੇ ਹੱਲ ਲਈ ਯਤਨ ਸ਼ੁਰੂ

Ad Position 21
No active advertisement
ਅਜੀਤ ਡੈਸਕ 29-06-2026
ਸੰਗਰੂਰ, 28 ਜੂਨ (ਸੁਖਵਿੰਦਰ ਸਿੰਘ ਫੁੱਲ)– ਸ਼ਹਿਰ ਦੇ ਬਾਜ਼ਾਰਾਂ ’ਚ ਵਾਹਨਾਂ ਦਾ ਲਗਾਤਾਰ ਜਾਮ ਲੱਗਣਾ ਆਮ ਗੱਲ ਹੋ ਗਈ ਹੈ । ਲਾਲ ਬੱਤੀ ਚੌਂਕ, ਗਊਸ਼ਾਲਾ ਰੋਡ, ਸੁਨਾਮੀ ਗੇਟ ਬਾਜ਼ਾਰ, ਕਿਲਾ ਮਾਰਕੀਟ, ਪਟਿਆਲਾ ਗੇਟ ਬਾਜ਼ਾਰ, ਧੂਰੀ ਗੇਟ ਬਾਜ਼ਾਰ, ਨਾਭਾ ਗੇਟ ਬਾਜ਼ਾਰ ਜਾਮ ਲੱਗਣ ਦੇ ਆਮ ਠਿਕਾਣੇ ਹਨ । ਜ਼ਿਲ੍ਹਾ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਸਭ ਤੋਂ ਵੱਡੀ ਸਮੱਸਿਆ ਪਾਰਕਿੰਗ ਦੀ ਹੈ । ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਕੁਝ ਥਾਵਾਂ ਦੀ ਸੂਚੀ ਬਣਾ ਕੇ ਭੇਜੀ ਹੈ, ਜਿੱਥੇ ਪਾਰਕਿੰਗ ਬਣ ਸਕਦੀ ਹੈ। ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਕਚਹਿਰੀਆਂ ਲਾਗੇ ਖੁੱਲ੍ਹੀ ਪਾਰਕਿੰਗ ਬਣਾਈ ਜਾ ਰਹੀ ਹੈ ਜੋ ਅਗਲੇ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਵੇਗੀ । ਇਸ ਨਾਲ ਘੰਟਾ ਘਰ ਰੋਡ ਅਤੇ ਮੰਦਰ ਮਨਸਾ ਦੇਵੀ ਰੋਡ ’ਤੇ ਵਾਹਨ ਖੜ੍ਹੇ ਕਰਨ ਦੀ ਸਮੱਸਿਆ ਹੱਲ ਹੋ ਜਾਵੇਗੀ । ਇਸੇ ਤਰ੍ਹਾਂ ਪਟਿਆਲਾ ਗੇਟ ਵਿਖੇ ਵੀ ਪੁਰਾਣੇ ਮੋਤੀ ਸਿਨੇਮੇ ਕੋਲ ਪਾਰਕਿੰਗ ਬਣਾਉਣ ਦਾ ਵਿਚਾਰ ਕੀਤਾ ਜਾ ਸਕਦਾ ਹੈ । ਨਾਭਾ ਗੇਟ ਵਿਖੇ ਪ੍ਰੇਮ ਸਭਾ ਸਕੂਲ ਦੇ ਬਾਹਰ ਪਾਰਕਿੰਗ ਬਣਾਈ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਰਣਬੀਰ ਕਲੱਬ ਦੇ ਸਰਕਾਰੀ ਕੁਆਰਟਰਾਂ ਦੀ ਪਹਿਲੀ ਕਤਾਰ ਜੋ ਖੰਡਰ ਬਣ ਚੁੱਕੀ ਹੈ, ਨੂੰ ਪਾਰਕਿੰਗ ਵਜੋਂ ਵਰਤਿਆ ਜਾ ਸਕੇਗਾ । ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਅਤੇ ਵਪਾਰ ਮੰਡਲ ਨਾਲ ਜਲਦੀ ਮੀਟਿੰਗ ਕਰ ਕੇ ਬਾਜ਼ਾਰਾਂ ’ਚ ਸੜਕਾਂ ਰੋਕਣ ਦਾ ਰੁਝਾਨ ਖਤਮ ਕੀਤਾ ਜਾਵੇਗਾ । ਦੁਕਾਨਦਾਰ ਆਪਣਾ ਸਾਮਾਨ ਨਿਸਚਿਤ ਥਾਂ ਤੋਂ ਅੱਗੇ ਵਧ ਕੇ ਸੜਕਾਂ ਰੋਕ ਰਹੇ ਹਨ ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਅਕਸਰ ਅਜਿਹਾ ਹੁੰਦਾ ਹੈ ਕਿ ਨਗਰ ਕੌਂਸਲ ਦੇ ਕਰਮਚਾਰੀ ਸੜਕਾਂ ਉੱਤੇ ਸਾਮਾਨ ਰੱਖ ਕੇ ਕੀਤੇ ਕਬਜ਼ੇ ਖਾਲੀ ਕਰਵਾ ਲੈਂਦੇ ਹਨ ਅਤੇ ਇਸ ਦੇ ਥੋੜ੍ਹੀ ਦੇਰ ਬਾਅਦ ਸਥਿਤੀ ਪਹਿਲਾਂ ਵਾਲੀ ਬਣ ਜਾਂਦੀ ਹੈ ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਅੱਗੇ ਡੇਢ ਫੁੱਟ ਥੜ੍ਹਾ ਬਣਾ ਕੇ ਵਰਤਣ ਦਾ ਅਧਿਕਾਰ ਹੈ ਪਰ ਜੇ ਕੋਈ ਦੁਕਾਨਦਾਰ ਇਸ ਤੋਂ ਅੱਗੇ ਵਧੇਗਾ ਅਤੇ ਨਗਰ ਕੌਂਸਲ ਜਾਂ ਪ੍ਰਸ਼ਾਸਨ ਕਾਰਵਾਈ ਕਰੇਗਾ ਤਾਂ ਉਸ ਦੁਕਾਨਦਾਰ ਦਾ ਸਾਥ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸ. ਪ੍ਰਿੰਸ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੋਸ ਧਰਨੇ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡਾਂ ’ਚ ਜਾਗੋ ਮਾਰਚ ਅਗਲੀ ਖ਼ਬਰ ਬੇਰੁਜ਼ਗਾਰਾਂ ਦੀ ਸੱਥ ’ਚ ਨਹੀਂ ਬਹੁੜੇ ਅਮਨ ਅਰੋੜਾ
Ad Position 24
No active advertisement