ਧੂਰੀ, 28 ਜੂਨ (ਸੁਖਵੰਤ ਸਿੰਘ ਭੁੱਲਰ) - ਝੋਨੇ ਦੇ ਸੀਜਨ ਦੌਰਾਨ ਸਰਕਾਰਾਂ ਵਲੋਂ ਵਿਸ਼ੇਸ਼ ਤੌਰ ’ਤੇ ਬਿਜਲੀ ਦੇ ਪ੍ਰਬੰਧ ਕਰਕੇ ਬਿਜਲੀ ਸਪਲਾਈ ਕਰੀਬ ਅੱਠ ਘੰਟੇ ਦਿੱਤੀ ਜਾ ਰਹੀ ਸੀ ਪ੍ਰੰਤੂ ਮੌਜੂਦਾ ਸਰਕਾਰ ਵਲੋਂ ਇਸ ਬਿਜਲੀ ਸਪਲਾਈ ਦੇ ਵੱਡੇ ਵੱਡੇ ਦਾਅਵਿਆਂ ਦੇ ਉਲਟ ਬਿਜਲੀ ਕੱਟਾਂ ਅਤੇ ਸਮੇਂ ਵਿੱਚ ਵੱਡੀ ਕਟੌਤੀ ਦੇ ਚਲਦਿਆਂ ਕਿਸਾਨਾਂ ’ਚ ਹਾਹਾਕਾਰ ਮਚ ਚੁੱਕੀ ਹੈ ਅਤੇ ਝੋਨੇ ਦੀ ਫਸਲ ਬਿਨਾਂ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦਾ ਕੰਮ ਬਿਲਕੁਲ ਠੱਪ ਹੋ ਚੁੱਕਾ ਹੈ । ਕਿਸਾਨਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਰਕਾਰ ਅੱਠ ਘੰਟੇ ਨਿਰਵਿਘਨ ਖੇਤੀ ਬਿਜਲੀ ਸਪਲਾਈ ਦੇਣ ਦਾ ਦਾਅਵਾ ਕਰਦੀ ਹੈ ਅਤੇ ਇਸ ਤੋਂ ਇਲਾਵਾ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਤੁਹਾਨੂੰ ਝੋਨਾ ਮੋਟਰਾਂ ਬੰਦ ਕਰਕੇ ਲਗਾਉਣ ਪੈ ਸਕਦਾ ਹੈ ਕਿਉਂਕਿ ਅਸੀਂ ਪ੍ਰਬੰਧਾਂ ਵਿੱਚ ਹੀ ਵੱਡੇ ਸੁਧਾਰ ਕਰਾਂਗੇ ਅਤੇ ਬਿਜਲੀ ਦੀ ਕੋਈ ਕਿੱਲਤ ਨਹੀਂ ਆਵੇਗੀ ਪਰੰਤੂ ਅੱਜ ਕਿਸਾਨ ਸਰਕਾਰ ਦੇ ਇਹਨਾਂ ਫੋਕੇ ਦਾਵਿਆਂ ’ਚ ਪੂਰੀ ਤਰ੍ਹਾਂ ਫਸ ਗਿਆ ਹੈ। ਖੇਤਾਂ ’ਚ ਚਾਰ ਚੁਫੇਰੇ ਪਾਣੀ ਦੀ ਭਾਰੀ ਕਮੀ ਦਿਖਾਈ ਦੇ ਰਹੀ ਹੈ। ਬਿਜਲੀ ਫੀਡਰਾਂ ਤੋਂ ਆਉਣ ਵਾਲੀ ਸਪਲਾਈ ਅੱਠ ਘੰਟੇ ਦੀ ਬਜਾਏ ਚਾਰ ਪੰਜ ਘੰਟੇ ਤੱਕ ਹੀ ਸਿਮਟ ਰਹੀ ਹੈ। ਇਸ ਮਾੜੇ ਪ੍ਰਬੰਧਾਂ ਦੇ ਵਿਰੋਧ ’ਚ ਕਿਸਾਨ ਵਰਗ ’ਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਵਲੋਂ ਸਰਕਾਰ ਨੂੰ ਅਪੀਲ ਹੈ ਕਿ ਉਹ ਝੋਨੇ ਦੀ ਫਸਲ ਲਈ ਵੱਡੀ ਪੱਧਰ ਤੇ ਸੁਚਾਰੂ ਪ੍ਰਬੰਧ ਕਰੇ ਅਤੇ ਤੁਰੰਤ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਅੱਠ ਘੰਟੇ ਦੇਣ ਦਾ ਪ੍ਰਬੰਧ ਕਰੇ ਕਿਉਂਕਿ ਵੱਡੇ ਖਰਚ ਨਾਲ ਪਾਲੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ।