ਸੰਗਰੂਰ, 30 ਜੂਨ (ਧੀਰਜ ਪਸੋਰੀਆ) - ਸੰਗਰੂਰ ਵਿਖ਼ੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜਿਆ ਗਿਆ । ਸਾਂਝੇ ਮੋਰਚੇ ਵਲੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਲੌਂਗੋਵਾਲ, ਖੇਤ ਮਜ਼ਦੂਰ ਯੂਨੀਅਨ ਦੇ ਗੋਪੀ ਗਿਰ, ਮਜ਼ਦੂਰ ਮੁਕਤੀ ਮੋਰਚਾ ਦੇ ਘੁਮੰਡ ਸਿੰਘ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜੋਗਿੰਦਰ ਸਿੰਘ ਬੱਧਣ ਤੇ ਖੇਤ ਮਜ਼ਦੂਰ ਸਭਾ ਦੇ ਨਿਰੰਜਨ ਸਿੰਘ ਨੇ ਕਿਹਾ ਕੀ ਸਾਢੇ ਚਾਰ ਸਾਲ ਲੰਘਣ ਦੇ ਬਾਵਜੂਦ ਵੀ ਆਪ ਸਰਕਾਰ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਇਕ ਵੀ ਮੀਟਿੰਗ ਨਾ ਕਰਨ ਤੇ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਕੋਈ ਵੀ ਕਦਮ ਵੀ ਨਹੀਂ ਚੁੱਕੇ ਗਏ । ਸਬ ਕਮੇਟੀ ਵਲੋਂ ਵਾਰ ਵਾਰ ਮੀਟਿੰਗਾਂ ਦੇ ਕੇ ਮੀਟਿੰਗ ਨਾ ਕਰਨਾ, ਸਰਕਾਰ ਦਾ ਦਲਿਤ ਤੇ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰਦਾ ਹੈ । ਉਹਨਾ ਆਪ ਸਰਕਾਰ ਵੱਲੋਂ ਕੇਂਦਰ ਦੀ ਤਰਜ਼ ਤੇ ਮਨਰੇਗਾ ਸਕੀਮ ਨੂੰ ਖ਼ਤਮ ਕਰਕੇ ਜੀ ਰਾਮ ਜੀ ਲਾਗੂ ਕਰਨ ਦੇ ਖਿਲਾਫ ਸਖ਼ਤ ਇਤਰਾਜ ਜ਼ਾਹਿਰ ਕੀਤਾ। ਮੰਗ ਪੱਤਰ ਰਾਹੀਂ ਉਨ੍ਹਾਂ ਮਨਰੇਗਾ ਸਕੀਮ ਬਹਾਲ ਕਰਕੇ ਸਾਰਾ ਸਾਲ ਕੰਮ ਦੀ ਗਾਰੰਟੀ ਦੇਣ, ਪੰਚਾਇਤੀ ਜਮੀਨ ਦਾ ਤੀਸਰਾ ਹਿੱਸਾ ਪੱਕੇ ਤੌਰ ’ਤੇ ਦੇਣ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਹੱਕ ਦੇਣ, ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ, ਹਰ ਖੇਤਰ ’ਚ 1000 ਰੁਪਏ ਦਿਹਾੜੀ ਰੇਟ ਫਿਕਸ ਕਰਨ, 5 ਮਰਲੇ ਦੇ ਪਲਾਟ ਅਲਾਟ ਕਰਨ, ਆਦਿ ਮਜ਼ਦੂਰਾਂ ਦੀਆ ਦਰਜ਼ਨਾ ਹਕੀਕੀ ਮੰਗਾਂ ਦਾ ਯਾਦ ਪੱਤਰ ਦਿੱਤਾ । ਇਹ ਮੰਗਾਂ ਨੂੰ 2027 ਦੀਆ ਚੋਣਾਂ ਤੋਂ ਪਹਿਲਾਂ ਜਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ । ਇਸ ਮੌਕੇ ਸੁਖਵਿੰਦਰ ਸਿੰਘ ਬੇਟੀਡੀਆਣਾ ਮੌਜੂਦ ਸਨ ।