ਮਹਿਲ ਕਲਾਂ, 30 ਜੂਨ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੋਈ ਵੀ ਘਪਲਾ ਨਹੀਂ ਹੋਇਆ ਕਿਉਂਕਿ ਹੁਣ ਅਸਲ ਵਿੱਚ ਪੰਜਾਬ ਦਾ ਵਿਕਾਸ ਹੋ ਰਿਹਾ ਹੈ, ਪੰਜਾਬ ਨੂੰ ਮੁੜ ਤੋਂ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ’ਤੇ ਤੋਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਸ਼ਹੀਦ ਬਾਬਾ ਜੰਗ ਸਿੰਘ ਪਾਰਕ ਨੇੜੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਅੱਗੇ ਵੱਡੇ ਐਲਾਨ ਕਰਦਿਆਂ ਕਿਹਾ ਕਿ 15 ਅਗਸਤ ਤੋਂ ਬਾਅਦ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਿਆ ਕਰੇਗੀ ਅਤੇ ਸੂਬੇ ਵਿੱਚ ਮੁਹੱਲਾ ਕਲੀਨਿਕ ਤੇ ਨਵੇਂ ਸਕੂਲ ਲਗਾਤਾਰ ਖੁੱਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਲੋਕ-ਪੱਖੀ ਨੀਤੀਆਂ ਕਾਰਨ ਹੀ ਕਾਂਗਰਸ ਅਤੇ ਅਕਾਲੀ ਦਲ ਵਾਲੇ ਤੜਫੇ ਫਿਰਦੇ ਹਨ ਅਤੇ ਉਨ੍ਹਾਂ (ਭਗਵੰਤ ਮਾਨ) ਨੂੰ ਹਰਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਵਿਰੋਧੀਆਂ ’ਤੇ ਬੌਖਲਾਹਟ ਵਿੱਚ ਆ ਕੇ ਨਕਲੀ ਵੀਡੀਓਜ਼ ਰਾਹੀਂ ਧਾਰਮਿਕ ਤੌਰ ’ਤੇ ਬਦਨਾਮ ਕਰਨ ਦੇ ਇਲਜ਼ਾਮਬਾਜ਼ੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੋਕਾਂ ਦੇ ਪਿਆਰ ਅੱਗੇ ਸਭ ਸਿਆਸੀ ਸਜਿਸ਼ਾਂ ਨਾਕਾਮ ਹਨ। ਸੁਖਬੀਰ ਸਿੰਘ ਬਾਦਲ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਸਨ ਪਰ ਇਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਜਦਕਿ ਮੌਜੂਦਾ ਸਰਕਾਰ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕਾਨੂੰਨ ਬਣਾ ਕੇ 50 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਤਾਂ ਜੋ ਦੋਸ਼ੀ ਆਖਰੀ ਸਾਹ ਤੱਕ ਜੇਲ੍ਹ ਵਿੱਚ ਸੜਨ ਅਤੇ ਅਜਿਹੇ ਅਪਰਾਧੀਆਂ ਨਾਲ ਜੇਲ੍ਹ ਵਿੱਚ ਕਿਸੇ ਨੂੰ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾਵੇਗੀ। ਸੁਖਬੀਰ ਦੇ ’ਸਾਡੀ ਵਾਰੀ ਆ ਲੈਣ ਦਿਓ’ ਵਾਲੇ ਬਿਆਨ ’ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਵਾਰੀ ਜ਼ਰੂਰ ਆਵੇਗੀ ਪਰ ਉਹ ਵਾਰੀ ਨਾਭਾ ਜੇਲ੍ਹ ਜਾਣ ਦੀ ਹੋਵੇਗੀ, ਜਦਕਿ ਦੂਜੇ ਪਾਸੇ ਕਾਂਗਰਸ ਦੀ ਹਾਲਤ ਵੀ ਬੇਹੱਦ ਤਰਸਯੋਗ ਹੈ ਅਤੇ ਉਹ ਆਪਣੇ ਆਖਰੀ ਸਾਹਾਂ ’ਤੇ ਹੈ। ਉਨ੍ਹਾਂ ਲੋਕਾਂ ਨੂੰ ਘਰ-ਘਰ 10 ਲੱਖ ਰੁਪਏ ਵਾਲੇ ਕਾਰਡ ਬਣਾਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਿੱਜ ਤੋਂ ਉੱਪਰ ਉੱਠ ਕੇ ਇਲਾਕੇ ਦਾ ਵਿਕਾਸ ਕਰਵਾਇਆ ਹੈ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਿੱਤਾਂ ਵਿੱਚ ਅਜਿਹੇ ਇਤਿਹਾਸਕ ਫ਼ੈਸਲੇ ਲਏ ਹਨ, ਜਿਨ੍ਹਾਂ ਨੇ ਹਰ ਵਰਗ ਦੇ ਲੋਕਾਂ ਵਿੱਚ ਉਨ੍ਹਾਂ ਦੀ ਹਰਮਪਿਆਰਤਾ ਨੂੰ ਹੋਰ ਵਧਾ ਦਿੱਤਾ ਹੈ ਅਤੇ ਉਨ੍ਹਾਂ ਸਰਕਾਰ ਵੱਲੋਂ ਕੀਤੇ ਗਏ ਪੰਜਾਬ ਹਿਤੈਸ਼ੀ ਕਾਰਜਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ । ਇਸ ਸਮਾਗਮ ਦੌਰਾਨ ਮੁੱਖ ਮੰਤਰੀ ਅਤੇ ਆਗੂਆਂ ਵੱਲੋਂ ਗ੍ਰਾਮ ਪੰਚਾਇਤ ਮਹਿਲ ਕਲਾਂ ਦੇ ਵਿਕਾਸ ਲਈ 51 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਓ.ਐਸ.ਡੀ. ਸੁਖਬੀਰ ਸਿੰਘ ਘਰਾਚੋਂ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਸੰਸਦ ਮੈਂਬਰ ਮੀਤ ਹੇਅਰ, ਲੋਕ ਸਭਾ ਇੰਚਾਰਜ਼ ਗੁਰਮੇਲ ਸਿੰਘ ਘਰਾਚੋਂ, ਮੇਅਰ ਹਸਪ੍ਰੀਤ ਭਾਰਦਵਾਜ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕੁਲਦੀਪ ਕੌਰ, ਸਰਪੰਚ ਬੀਬੀ ਕਿਰਨਾ ਰਾਣੀ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਹਲਕਾ ਚੇਅਰਮੈਨ ਗੁਰੀ ਔਲਖ, ਸਮਾਜ ਸੇਵੀ ਕਿਰਨ ਮਹੰਤ, ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਗੁਰਜੀਤ ਸਿੰਘ ਧਾਲੀਵਾਲ, ਪੀ.ਏ.ਬਿੰਦਰ ਸਿੰਘ ਖ਼ਾਲਸਾ, ਮਨਜੀਤ ਸਿੰਘ ਸਹਿਜੜਾ, ਕਿਰਨਜੀਤ ਸਿੰਘ ਮਿੰਟੂ, ਯਾਦਵਿੰਦਰ ਸਿੰਘ ਛਾਪਾ,ਸਰਪੰਚ ਲਖਵੀਰ ਸਿੰਘ ਮੂੰਮ, ਮੁਸਲਿਮ ਵਿੰਗ ਦੇ ਜਗਮੋਹਣ ਸ਼ਾਹ ਰਾਏਸਰ, ਆਦਿ ਹਾਜ਼ਰ ਸਨ।