ਸੰਗਰੂਰ, 6 ਜੁਲਾਈ (ਧੀਰਜ ਪਸ਼ੌਰੀਆ) - ਮਲੇਰਕੋਟਲੇ ਤੋਂ ਸੰਗਰੂਰ ਵਿਖੇ ਆਉਂਦੀ ਸਬਜ਼ੀ ਤੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਮਾਰਕੀਟ ਕਮੇਟੀ ਵੱਲੋਂ ਲਗਾਈ ਜਾ ਰਹੀ ਮਾਰਕੀਟ ਫੀਸ ਦੇ ਕਾਰਨ ਪੈਦਾ ਹੋਇਆ ਵਿਵਾਦ ਰੇਹੜੀ ਯੂਨੀਅਨ ਦੀ ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸੁਲਝ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸਬਜੀ ਮੰਡੀ ਸੰਗਰੂਰ ਦੇ ਆੜਤੀਏ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਮਿਲੇ ਸਨ ਉਹਨਾਂ ਮੰਗ ਕੀਤੀ ਸੀ ਕਿ ਪਿਛਲੇ ਸਮੇਂ ਤੋਂ ਲਗਾਤਾਰ ਸਬਜ਼ੀ ਅਤੇ ਫਲ ਮਲੇਰਕੋਟਲਾ ਦੀ ਸਬਜ਼ੀ ਮੰਡੀ ਤੋਂ ਆ ਰਹੇ ਹਨ ਜਿਸ ਕਾਰਨ ਉਹਨਾਂ ਦਾ ਕਾਰੋਬਾਰ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ਦੂਜੇ ਪਾਸੇ ਮਾਰਕੀਟ ਕਮੇਟੀ ਵੱਲੋਂ ਸਬਜੀ ਮੰਡੀ ਸੰਗਰੂਰ ਤੋਂ ਇਕੱਠੀ ਹੁੰਦੀ ਮਾਰਕੀਟ ਫੀਸ ਵਿੱਚ ਹਰ ਸਾਲ 10 ਪ੍ਰਤੀਸ਼ਤ ਦਾ ਵਾਧਾ ਮੰਗਿਆਂ ਜਾਂਦਾ ਹੈ। ਅਜਿਹੇ ਹਾਲਤ ਵਿੱਚ ਜਦੋਂ ਸ਼ਹਿਰ ਵਿੱਚ ਸਬਜ਼ੀ ਬਾਹਰੋਂ ਆ ਰਹੀ ਹੋਵੇ ਤਾਂ 10 ਪ੍ਰਤੀਸ਼ਤ ਦਾ ਵਾਧਾ ਅਸੰਭਵ ਹੈ ਜਿਸ ਤੋਂ ਬਾਅਦ ਮਾਰਕੀਟ ਕਮੇਟੀ ਸੰਗਰੂਰ ਵੱਲੋਂ ਬਾਹਰੋਂ ਆਉਂਦੀ ਸਬਜ਼ੀ ਅਤੇ ਫਲਾਂ ਤੇ ਨਾਕੇ ਲਗਾ ਕੇ ਮਾਰਕੀਟ ਫੀਸ ਵਸੂਲਣਾ ਸ਼ੁਰੂ ਕਰ ਦਿੱਤੀ ਗਈ ਜਿਸ ਕਾਰਨ ਰੇਹੜੀ ਯੂਨੀਅਨ ਵਿੱਚ ਰੋਸ ਪੈਦਾ ਹੋ ਗਿਆ। ਪੈਦਾ ਹੋਏ ਇਸ ਵਿਵਾਦ ਨੂੰ ਲੈ ਕੇ ਅੱਜ ਰੇਹੜੀ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਕੁਮਾਰ ਗੋਲੂ ਅਤੇ ਅਹੁਦੇਦਾਰਾਂ ਦੀ ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਦਵਾਲ ਅਤੇ ਅਧਿਕਾਰੀਆਂ ਨਾਲ ਲੰਮਾ ਸਮਾਂ ਬੈਠਕ ਹੋਈ ਜਿਸ ਦੌਰਾਨ ਰੇਹੜੀ ਯੂਨੀਅਨ ਨੂੰ ਸਪਸ਼ਟ ਕੀਤਾ ਗਿਆ ਕਿ ਮਲੇਰਕੋਟਲੇ ਤੋਂ ਆਉਣ ਵਾਲੀ ਸਬਜ਼ੀ ਅਤੇ ਫਲਾਂ ਤੇ ਉਥੇ ਭਰੀ ਜਾਂਦੀ ਮਾਰਕੀਟ ਫੀਸ ਦੀ ਪਰਚੀ ਸੰਗਰੂਰ ਆ ਕੇ ਦਿਖਾਈ ਜਾਵੇ ਤਾਂ ਜੋ ਉਹ ਆਪਣੇ ਰਿਕਾਰਡ ਵਿੱਚ ਇਸਦਾ ਇੰਦਰਾਜ਼ ਕਰ ਸਕਣ। ਜੇਕਰ ਪਰਚੀ ਨਹੀਂ ਹੋਵੇਗੀ ਤਾਂ ਫਿਰ ਸੰਗਰੂਰ ਵਿਖੇ ਮਾਰਕੀਟ ਕਮੇਟੀ ਵੱਲੋਂ 2 ਪਤੀਸ਼ਤ ਫੀਸ ਵਸੂਲੀ ਜਾਵੇਗੀ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਰੱਖੀਆਂ ਗੱਲਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਰੇਹੜੀ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਕੁਮਾਰ ਗੋਲੂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਸਾਰੇ ਰੇਹੜੀ ਮਾਲਕਾਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਲਈ ਕਹਿ ਦਿੱਤਾ ਗਿਆ ਹੈ। ਹੁਣ ਉਹ ਮਾਰਕਿਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਨੂੰ ਮਿਲਣ ਜਾ ਰਹੇ ਹਨ ਤਾਂ ਜੋ ਉਥੇ ਭਰੀ ਜਾਂਦੀ ਮਾਰਕੀਟ ਫੀਸ ਦੀ ਪੱਕੀ ਰਸੀਦ ਦੇਣਾ ਸ਼ੁਰੂ ਕੀਤੀ ਜਾਵੇ ਅਤੇ ਸੰਗਰੂਰ ਦੇ ਕਿਸੇ ਵੀ ਰੇਹੜੀ ਵਾਲੇ ਨੂੰ ਕੋਈ ਦਿੱਕਤ ਨਾ ਆਵੇ। ਇੱਥੇ ਇਹ ਜਿਕਰਯੋਗ ਹੈ ਕਿ ਜੋ ਰੇਹੜੀ ਯੂਨੀਅਨ ਵਾਲੇ ਰੋਹ ਵਿੱਚ ਉੱਥੇ ਪਹੁੰਚੇ ਸਨ ਉਹਨਾਂ ਨੇ ਹੀ ਮਾਰਕੀਟ ਕਮੇਟੀ ਦਫਤਰ ਵਿੱਚ ਆ ਕੇ ਸੰਤੁਸ਼ਟ ਹੋਣ ਤੋਂ ਬਾਅਦ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।