ਮਲੇਰਕੋਟਲਾ, 6 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਅੱਜ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਨੁਮਾਇੰਦਿਆਂ ਨਾਲ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਢੁੱਕਵੇਂ ਅਤੇ ਸਮੇਂ ਸਿਰ ਹੱਲ ਕਰਨ ਦੇ ਮੱਦੇਨਜ਼ਰ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਪਾਰੀਆਂ ਨੂੰ ਬਿਹਤਰ ਅਤੇ ਵਪਾਰ-ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਵਪਾਰੀਆਂ ਵਲੋਂ ਉਠਾਏ ਜਾਂਦੇ ਜਾਇਜ਼ ਮੁੱਦਿਆਂ ਅਤੇ ਸ਼ਿਕਾਇਤਾਂ ਦਾ ਪਾਰਦਰਸ਼ੀ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਮੁੱਖ ਉਦੇਸ਼ ਸਿਰਫ਼ ਸ਼ਿਕਾਇਤਾਂ ਪ੍ਰਾਪਤ ਕਰਨਾ ਨਹੀਂ, ਸਗੋਂ ਸਬੰਧਤ ਵਿਭਾਗਾਂ ਰਾਹੀਂ ਉਨ੍ਹਾਂ ਦਾ ਨਿਰਧਾਰਿਤ ਸਮਾਂ-ਸੀਮਾ ਅੰਦਰ ਹੱਲ ਕਰਵਾ ਕੇ ਵਪਾਰਕ ਭਾਈਚਾਰੇ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿਚ ਬਿਜਲੀ ਸਪਲਾਈ, ਪੀਣ ਵਾਲੇ ਪਾਣੀ, ਸ਼ਹਿਰੀ ਵਿਕਾਸ, ਕਾਨੂੰਨ-ਵਿਵਸਥਾ, ਸਫ਼ਾਈ ਅਤੇ ਹੋਰ ਵਪਾਰ ਨਾਲ ਸਬੰਧਤ ਮੁੱਦਿਆਂ ‘ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਕਈ ਲੰਬਿਤ ਮਾਮਲਿਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ, ਜਦਕਿ ਬਾਕੀ ਮਾਮਲਿਆਂ ਲਈ ਸਬੰਧਤ ਵਿਭਾਗਾਂ ਨੂੰ ਨਿਰਧਾਰਿਤ ਸਮਾਂ-ਸੀਮਾ ਅੰਦਰ ਕਾਰਵਾਈ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਲੇਰਕੋਟਲਾ ਦੇ ਚੇਅਰਪਰਸਨ ਆਜ਼ਮ ਦਾਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੀਟਿੰਗਾਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਨਾਲ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਇਕ ਸਾਰਥਕ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰਕ ਭਾਈਚਾਰੇ ਅਤੇ ਪ੍ਰਸ਼ਾਸਨ ਵਿਚਕਾਰ ਆਪਸੀ ਤਾਲਮੇਲ ਹੋਰ ਮਜ਼ਬੂਤ ਹੋ ਰਿਹਾ ਹੈ।ਇਸ ਮੌਕੇ ਚੇਅਰਪਰਸਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਇਮਤਿਆਜ਼ ਅਲੀ ਬਾਬੂ, ਚੇਅਰਪਰਸਨ ਵਿਧਾਨ ਸਭਾ ਹਲਕਾ ਅਮਰਗੜ੍ਹ ਅਸ਼ਵਨੀ ਕੁਮਾਰ, ਐਸ.ਡੀ.ਐਮ. ਅਹਿਮਦਗੜ੍ਹ/ਅਮਰਗੜ੍ਹ ਰਾਕੇਸ਼ ਕੁਮਾਰ ਸ਼ਰਮਾ, ਡੀ.ਐਸ.ਪੀ. ਡਾਕਟਰ ਮਾਨਵਜੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਮਨਦੀਪ ਕੌਰ, ਰੀਜ਼ਨਲ ਟਰਾਂਸਪੋਰਟ ਅਫ਼ਸਰ ਕਰਨਬੀਰ ਸਿੰਘ, ਸਹਾਇਕ ਟਰਾਂਸਟੋਰਟ ਅਫ਼ਸਰ ਸ਼ਹਿਨਾਜ਼ ਪ੍ਰਵੀਨ, ਈ.ਟੀ.ਓ. ਨਛੱਤਰ ਸਿੰਘ, ਕਰ ਅਤੇ ਆਬਕਾਰੀ ਇੰਸਪੈਕਟਰ ਦਲਜੀਤ ਸਿੰਘ, ਏ.ਐਮ.ਈ. ਨਰਿੰਦਰ ਕੁਮਾਰ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ/ਅਮਰਗੜ੍ਹ ਅਸ਼ੀਸ਼ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।