ਸੰਗਰੂਰ, 6 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ, ਗੁਰਮਤਿ ਕਾਲਜ ਦੇ ਮੈਂਬਰ ਇੰਚਾਰਜ ਪ੍ਰੋ. ਕਰਮਜੀਤ ਸਿੰਘ ਗੱਗੜਪੁਰ ਗੁਰਮਤਿ ਪ੍ਰਚਾਰ ਦੌਰੇ ਤਹਿਤ ਕੈਨੇਡਾ ਲਈ ਰਵਾਨਾ ਹੋ ਗਏ ਹਨ। ਉਹ ਕੈਨੇਡਾ ਵਿਖੇ ਲਗਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਿੱਖਿਆ ਕੈਂਪ ਵਿੱਚ ਸ਼ਾਮਿਲ ਹੋ ਕੇ ਸੰਗਤਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨਗੇ। ਕੈਨੇਡਾ ਰਵਾਨਾ ਹੋਣ ਸਮੇਂ ਅਕਾਲ ਕਾਲਜ ਕੌਂਸਲ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਨੇ ਪ੍ਰੋ. ਕਰਮਜੀਤ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਸਫ਼ਲ ਦੌਰੇ ਦੀ ਕਾਮਨਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਨੇ ਦੱਸਿਆ ਕਿ ਅਕਾਲ ਕਾਲਜ ਕੌਂਸਲ ਵੱਲੋਂ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਗੁਰਮਤਿ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਵੱਡੇ ਯਤਨ ਕੀਤੇ ਜਾ ਰਹੇ ਹਨ। ਕੌਂਸਲ ਵੱਲੋਂ ਸਮੇਂ-ਸਮੇਂ ‘ਤੇ ਉੱਘੇ ਵਿਦਵਾਨਾਂ ਅਤੇ ਪ੍ਰਚਾਰਕਾਂ ਨੂੰ ਵਿਦੇਸ਼ੀ ਦੌਰਿਆਂ ‘ਤੇ ਭੇਜਿਆ ਜਾਂਦਾ ਹੈ ਤਾਂ ਜੋ ਉੱਥੋਂ ਦੇ ਜੰਮਪਲ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ ਅਤੇ ਸਿੱਖ ਵਿਰਸੇ ਨਾਲ਼ ਜੋੜਿਆ ਸਕੇ। ਉਹਨਾਂ ਕਿਹਾ ਇਹਨਾਂ ਯਤਨਾਂ ਦੇ ਬਹੁਤ ਹੀ ਸਾਰਥਕ ਅਤੇ ਹਾਂਪੱਖੀ ਸਿੱਟੇ ਸਾਹਮਣੇ ਆ ਰਹੇ ਹਨ। ਇਸ ਮੌਕੇ ਭਾਈ ਗੁਰਮੇਲ ਸਿੰਘ ਮੀਤ ਗ੍ਰੰਥੀ, ਮੈਨੇਜਰ ਜਸਵੀਰ ਸਿੰਘ, ਮਾਸਟਰ ਗੁਰਮੀਤ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ ਧੂਰਾ, ਪ੍ਰੋ. ਜਸਪ੍ਰੀਤ ਸਿੰਘ, ਬਲਦੀਪ ਸਿੰਘ, ਅਵਤਾਰ ਸਿੰਘ ਅਤੇ ਅਜੈਬ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।