ਅਮਰਗੜ੍ਹ,6 ਜੁਲਾਈ (ਜਤਿੰਦਰ ਮੰਨਵੀ) - ਜਦੋਂ ਇਲਾਕਾ ਗੂੜ੍ਹੀ ਨੀਂਦ ਦੀ ਆਗੋਸ਼ ‘ਚ ਸੀ, ਉਦੋਂ ਲੋਕ-ਭਲਾਈ ਅਤੇ ਫ਼ਰਜ਼ ਦੀ ਸ਼ਮ੍ਹਾਂ ਹੱਥ ‘ਚ ਲੈ ਕੇ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਵਿਕਾਸ ਕਾਰਜਾਂ ਦੀ ਹਕੀਕਤ ਪਰਖਣ ਲਈ ਖ਼ੁਦ ਸੜਕਾਂ ਤੇ ਉਤਰੇ। ਵਿਕਾਸ ਕਾਰਜਾਂ ‘ਚ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਇੱਕ ਨਿਵੇਕਲੀ ਅਤੇ ਮਿਸਾਲੀ ਪਾਰੀ ਖੇਡਦਿਆਂ ਰਾਤ ਵੇਲੇ ਬਿਨਾਂ ਕਿਸੇ ਵੱਡੇ ਲਾਮ-ਲਸ਼ਕਰ ਜਾਂ ਸਰਕਾਰੀ ਪ੍ਰੋਟੋਕੋਲ ਦੇ, ਇਕੱਲਿਆਂ ਹੀ ਆਪਣੇ ਸੁਰੱਖਿਆ ਮੁਲਾਜ਼ਮ ਯਾਦਵਿੰਦਰ ਸਿੰਘ ਨਾਲ ਜੌੜੇਪੁਲ-ਬੱਬਨਪੁਰ ਨਹਿਰ ਦੀ ਪਟੜੀ ਤੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲੈਣ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਬੜੇ ਭਾਵੁਕ ਅਤੇ ਦ੍ਰਿੜ ਸ਼ਬਦਾਂ ‘ਚ ਆਖਿਆ ਕਿ ਮੈਂ ਜਨਤਾ ਦਾ ਚੌਕੀਦਾਰ ਹਾਂ, ਜੋ ਦੇਰ-ਸਵੇਰ ਨਹੀਂ ਦੇਖਦਾ। ਮੇਰਾ ਮਕਸਦ ਅਤੇ ਨਿਸ਼ਾਨਾ ਸਿਰਫ਼ ਤੇ ਸਿਰਫ਼ ਹਲਕਾ ਅਮਰਗੜ੍ਹ ਦਾ ਸਰਬਪੱਖੀ ਵਿਕਾਸ ਕਰਨਾ ਹੈ, ਜਿਸ ਲਈ ਮੈਂ ਦਿਨ-ਰਾਤ ਇੱਕ ਕਰਨ ਲਈ ਹਮੇਸ਼ਾ ਤਿਆਰ ਹਾਂ।ਉਨ੍ਹਾਂ ਦੱਸਿਆ ਕਿ ਹੁਣ ਤੱਕ ਸੜਕ ਤੇ ਤਕਰੀਬਨ 10 ਕਿਲੋਮੀਟਰ ਤੱਕ ਪੱਥਰ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀ ਦਾ ਕੰਮ ਵੀ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਅਹਿਮ ਪ੍ਰੋਜੈਕਟ ਆਉਂਦੇ ਸਤੰਬਰ ਮਹੀਨੇ ਤੱਕ ਪੂਰੀ ਤਰ੍ਹਾਂ ਮੁਕੰਮਲ ਕਰਕੇ ਜਨਤਾ ਦੇ ਚਰਨਾਂ ਵਿਚ ਅਰਪਣ ਕਰ ਦਿੱਤਾ ਜਾਵੇਗਾ। ਪ੍ਰੋ. ਗੱਜਣਮਾਜਰਾ ਨੇ ਦੱਸਿਆ ਕਿ ਇਸ ਸੜਕ ਦੇ ਨਵੀਨੀਕਰਨ ਤੇ ਲਗਭਗ ਸਾਢੇ 27 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਸੜਕ ਖੰਨਾ-ਜੌੜੇਪੁਲ ਤੋਂ ਧੂਰੀ-ਸੰਗਰੂਰ ਜਾਣ ਵਾਲੇ ਰਾਹਗੀਰਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਦੇ ਬਣਨ ਨਾਲ ਲੋਕਾਂ ਨੂੰ ਮਲੇਰਕੋਟਲਾ ਸ਼ਹਿਰ ਦੇ ਭੀੜ-ਭੜੱਕੇ ਅਤੇ ਟ੍ਰੈਫਿਕ ਦੇ ਜਾਮ ਚੋਂ ਨਹੀਂ ਲੰਘਣਾ ਪਵੇਗਾ, ਸਗੋਂ ਇਹ ਰਸਤਾ ਇੱਕ ਬਿਹਤਰੀਨ ਬਾਈਪਾਸ ਵਜੋਂ ਸੇਵਾ ਨਿਭਾਏਗਾ। ਅਮਰਗੜ੍ਹ ਅਤੇ ਧੂਰੀ ਵਿਧਾਨ ਸਭਾ ਹਲਕਿਆਂ ਦੇ ਕਰੀਬ ਇੱਕ ਦਰਜਨ ਪਿੰਡਾਂ ਦੀ ਆਵਾਜਾਈ ਨੂੰ ਇਸ ਨਾਲ ਨਵੀਂ ਉਡਾਣ ਮਿਲੇਗੀ। ਉਨ੍ਹਾਂ ਆਖਿਆ ਕਿ ਜਿਸ ਰਸਤੇ ਨੂੰ ਪਿਛਲੀਆਂ ਹਕੂਮਤਾਂ ਨੇ ਬੀਆਬਾਨ ਅਤੇ ਖੰਡਰ ਬਣਾ ਕੇ ਵਿਸਾਰ ਦਿੱਤਾ ਸੀ, ਅਸੀਂ ਉਸ ਨੂੰ ਮੁੜ ਸੁਰਜੀਤ ਕਰ ਰਹੇ ਹਾਂ।ਵਿਧਾਇਕ ਵੱਲੋਂ ਰਾਤ ਵੇਲੇ ਦੇ ਅਚਨਚੇਤ ਦੌਰੇ ਤੇ ਸੁਹਿਰਦ ਯਤਨਾਂ ਦੀ ਚਾਰ-ਚੁਫੇਰੇ ਸ਼ਲਾਘਾ ਹੋ ਰਹੀ ਹੈ।ਜੌੜੇਪੁਲ-ਬੱਬਨਪੁਰ ਸੜਕ ਵਾਸਤੇ ਇਲਾਕੇ ਦੇ ਸਮੂਹ ਪੰਚਾਂ-ਸਰਪੰਚਾਂ ਅਤੇ ਮੋਹਤਬਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਪ੍ਰੋ.ਗੱਜਣਮਾਜਰਾ ਦਾ ਧੰਨਵਾਦ ਕੀਤਾ ਹੈ।