ਸੰਗਰੂਰ, ਚੀਮਾ ਮੰਡੀ, 6 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰੱਸਟ, ਬੜੂ ਸਾਹਿਬ ਵੱਲੋਂ ਮਹਾਨ ਤਪੱਸਵੀ, ਰਾਜਯੋਗੀ, ਪੂਰਨ ਬ੍ਰਹਮਗਿਆਨੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਵਰੋਸਾਏ 20ਵੀਂ ਸਦੀ ਦੇ ਮਹਾਨ ਧਾਰਮਿਕ ਸਿੱਖ ਵਿਦਵਾਨ, ਬਾਣੀ-ਬਾਣੇ ਦੇ ਧਾਰਨੀ ਅਤੇ ਬੜੂ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਤੇਜਾ ਸਿੰਘ ਜੀ ਦੀ 61ਵੀਂ ਸਲਾਨਾ ਬਰਸੀ ਮੌਕੇ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਬੜੀ ਸ਼ਰਧਾ, ਪ੍ਰੇਮ ਅਤੇ ਰੂਹਾਨੀ ਚੇਤਨਾ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ। ਤਿੰਨਾਂ ਦਿਨਾਂ ਦੌਰਾਨ ਸਵੇਰ ਅਤੇ ਸ਼ਾਮ ਦੇ ਧਾਰਮਿਕ ਦੀਵਾਨ ਸਜੇ, ਜਿਨ੍ਹਾਂ ਵਿੱਚ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦੂਜੇ ਦਿਨ 101 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਹ ਸੇਵਾ ਦੇਸ਼-ਵਿਦੇਸ਼ ਦੀਆਂ ਸੰਗਤਾਂ, ਵੱਖ-ਵੱਖ ਸੰਗਤਾਂ ਦੇ ਗਰੁੱਪਾਂ ਅਤੇ ਸ਼ਰਧਾਲੂ ਪਰਿਵਾਰਾਂ ਵੱਲੋਂ ਸ਼ਰਧਾ ਨਾਲ ਨਿਭਾਈ ਗਈ। ਇਸ ਉਪਰੰਤ ਢਾਡੀ ਵਾਰਾਂ, ਸ਼ਬਦ ਕੀਰਤਨ ਅਤੇ ਕਥਾ-ਕੀਰਤਨ ਦੀਵਾਨ ਸਜਾਏ ਗਏ। ਹਰ ਰੋਜ਼ ਸ਼ਾਮ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਰਹਿਰਾਸ ਸਾਹਿਬ, ਸ਼ਬਦ ਕੀਰਤਨ ਅਤੇ ਆਰਤੀ ਦਾ ਗਾਇਨ ਵੀ ਕੀਤਾ ਗਿਆ। ਸਮਾਗਮ ਦੇ ਅੰਤਿਮ ਦਿਨ ਪੁਰਾਤਨ ਆਰੰਭਕ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ ਅਤੇ ਸੰਤ ਕੁਟੀਆ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰੇਮੀਆਂ ਨੇ ਅੰਮ੍ਰਿਤ ਛਕ ਕੇ ਗੁਰਸਿੱਖ ਜੀਵਨ ਅਪਣਾਉਣ ਦਾ ਸੁਭਾਗ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਾਈ ਹਰਜੋਤ ਸਿੰਘ ਜਖ਼ਮੀ, ਭਾਈ ਜਗਜੀਤ ਸਿੰਘ ਬਬੀਹਾ, ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ ਅਤੇ ਸੰਤ ਬਾਬਾ ਭੋਲਾ ਸਿੰਘ ਰਤਵਾੜਾ ਸਾਹਿਬ ਵਾਲੇ ਸਮੇਤ ਹੋਰ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੇ ਸਮਾਪਤੀ ਸਮੇਂ ਕਲਗੀਧਰ ਟਰੱਸਟ, ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਤੇਜਾ ਸਿੰਘ ਦਾ ਸਮੁੱਚਾ ਜੀਵਨ ਨਾਮ ਸਿਮਰਨ, ਸੇਵਾ, ਗੁਰਮਤਿ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਰਿਹਾ।