ਸੰਗਰੂਰ, 9 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)–ਸ਼ਹਿਰ ਸੰਗਰੂਰ ਅੰਦਰ ਬੀਤੀ ਰਾਤ ਇੱਕ ਦੁਕਾਨ ਵਿੱਚ ਜ਼ੋਰਦਾਰ ਧਮਾਕਾ ਹੋਣ ਕਾਰਨ ਸ਼ਹਿਰ ਵਿੱਚ ਸਨਸਨੀ ਫੈਲ ਗਈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਿੱਚੋਂ ਵਿੱਚ ਸਥਿਤ ਆਦਰਸ਼ ਮਾਡਲ ਹਾਈ ਸਕੂਲ ਦੇ ਸਾਹਮਣੇ ਪਿਛਲੇ ਕਈ ਦਹਾਕਿਆਂ ਤੋਂ ਚਲੀ ਆ ਰਹੀ ਪਟਾਕਿਆਂ ਦੀ ਦੁਕਾਨ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਇਹ ਧਮਾਕਾ ਏਨਾ ਵੱਡਾ ਸੀ ਕਿ ਇਸ ਨਾਲ ਸਾਰੀ ਦੁਕਾਨ ਢਹਿ ਢੇਰੀ ਹੋ ਗਈ। ਦੁਕਾਨ ਵਿੱਚ ਧਮਾਕਾ ਹੋਣ ਦੀ ਖ਼ਬਰ ਮਿਲਦਿਆਂ ਸਾਰ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਅੱਗ ਬੁਝਾਊ ਗੱਡੀ ਮੌਕੇ ਉੱਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਦੁਕਾਨ ਵਿੱਚ ਲੱਗੀ ਅੱਗ ਉੱਤੇ ਸਮਾਂ ਰਹਿੰਦਿਆਂ ਕਾਬੂ ਪਾਇਆ ਗਿਆ। ਦੁਕਾਨ ਮਾਲਕਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਜਿੱਥੇ ਇਹ ਸਾਰੀ ਘਟਨਾ ਨੂੰ ਨਗਰ ਕੌਂਸਲ ਸੰਗਰੂਰ ਵੱਲੋਂ ਰਚੀ ਗਈ ਸਾਜ਼ਿਸ਼ ਦੱਸਦਿਆਂ ਨਗਰ ਕੌਂਸਲ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਸਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਸਾਰੇ ਮਾਮਲੇ ਦੀ ਜਾਂਚ ਉਪਰੰਤ ਹੀ ਸੱਚ ਸਾਹਮਣੇ ਆਉਣ ਦੀ ਗੱਲ ਕਰ ਰਿਹਾ ਸੀ ਦੁਕਾਨ ਮਾਲਕਾਂ ਅਤੇ ਉਨ੍ਹਾਂ ਦੇ ਹੱਕ ਵਿੱਚ ਆਏ ਸਮਰਥਕਾਂ ਵੱਲੋਂ ਕੁੱਝ ਸਮੇਂ ਲਈ ਦੁਕਾਨ ਅੱਗੇ ਸੜਕ ਉੱਤੇ ਧਰਨਾ ਲਗਾ ਕੇ ਸੜਕ ਵੀ ਰੋਕੀ ਗਈ ਪਰ ਪੁਲਿਸ ਵੱਲੋਂ ਸਮਝਾਏ ਜਾਣ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਮਾਲਕਾਂ ਨੂੰ ਇਨਸਾਫ਼ ਦਿਵਾਏ ਜਾਣ ਦੀ ਮੰਗ ਕਰਦਿਆਂ ਧਰਨਾ ਚੁੱਕ ਲਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂ ਹਰਪਾਲ ਸਿੰਘ ਸੋਨੂੰ ਦਾ ਕਹਿਣਾ ਸੀ ਕਿ ਨਗਰ ਕੌਂਸਲ ਸੰਗਰੂਰ ਇਸ ਦੁਕਾਨ ਨੂੰ ਖਾਲੀ ਕਰਵਾਉਣਾ ਚਾਹੁੰਦੀ ਸੀ ਇਸ ਲਈ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਜਾਣ ਬੁੱਝ ਕੇ ਰਾਤ ਦੇ ਹਨੇ੍ਹੇਰੇ ਦਾ ਫ਼ਾਇਦਾ ਚੁੱਕਦਿਆਂ ਇੱਕ ਸਰਕਾਰੀ ਕੈਂਟਰ ਨਾਲ ਦੁਕਾਨ ਵਿੱਚ ਟੱਕਰ ਮਾਰੀ ਗਈ ਜਿਸ ਨਾਲ ਦੁਕਾਨ ਦਾ ਨੁਕਸਾਨ ਹੋਇਆ ਅਤੇ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕ ਹੋ ਗਿਆ। ਬਿਜਲੀ ਦੀਆਂ ਤਾਰਾਂ ਸਪਾਰਕ ਕਰਨ ਨਾਲ ਦੁਕਾਨ ਵਿੱਚ ਅੱਗ ਲੱਗ ਗਈ। ਦੇਰ ਰਾਤ ਵਾਪਰੇ ਇਸ ਘਟਨਾਕ੍ਰਮ ਬਾਰੇ ਅੱਜ ਡੀ.ਐਸ.ਪੀ. ਦਲਵੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਦੀ ਕਰੀਬ 22 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਇਸ ਦੁਕਾਨ ਨੂੰ ਵਿਨੋਦ ਦਾ ਲੜਕਾ ਵਿਕਾਸ ਚਲਾ ਰਿਹਾ ਸੀ ਪਰ ਦੁਕਾਨ ਚਾਲਕਾਂ ਪਾਸ ਇਸ ਦੁਕਾਨ ਦਾ ਕੋਈ ਲਾਇਸੈਂਸ ਜਾਂ ਮਨਜ਼ੂਰੀ ਮੌਜੂਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਦੁਕਾਨ ਮਾਲਕਾਂ ਅਤੇ ਮੁਹੱਲਾ ਵਾਸੀਆਂ ਵੱਲੋਂ ਨਗਰ ਕੌਂਸਲ ਸੰਗਰੂਰ ਉੱਤੇ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਡੀ.ਐਸ.ਪੀ. ਸਿੱਧੂ ਨੇ ਕਿਹਾ ਕਿ ਫਿਲਹਾਲ ਪੁਲਿਸ ਜਾਂਚ ਵਿੱਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਘਟਨਾ ਦੀ ਜਾਂਚ ਜਾਰੀ ਹੈ ਅਤੇ ਜੇਕਰ ਨਗਰ ਕੌਂਸਲ ਦੇ ਕਿਸੇ ਮੁਲਾਜ਼ਮ ਦਾ ਕੋਈ ਰੋਲ ਸਾਹਮਣੇ ਆਉਂਦਾ ਹੈ ਤਾਂ ਉਸ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀ.ਐਸ.ਪੀ. ਨੇ ਦੱਸਿਆ ਕਿ ਦੁਕਾਨ ਅੰਦਰ ਹੋਏ ਧਮਾਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਸੰਘਣੀ ਆਬਾਦੀ ਵਿੱਚ ਬਿਨ੍ਹਾਂ ਲਾਇਸੈਂਸ ਤੋਂ ਪਟਾਕਿਆਂ ਦੀ ਦੁਕਾਨ ਚਲਾਉਣ ਦੇ ਚੱਲਦਿਆਂ ਦੁਕਾਨ ਚਾਲਕ ਵਿਕਾਸ ਕੁਮਾਰ ਉੱਤੇ ਸਿਟੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਨਗਰ ਕੌਂਸਲ ਉੱਤੇ ਲੱਗ ਰਹੇ ਦੋਸ਼ ਬੇਬੁਨਿਆਦ - ਕਾਰਜ ਸਾਧਕ ਅਫ਼ਸਰ
ਸੰਗਰੂਰ: – ਪਟਾਕਿਆਂ ਦੀ ਦੁਕਾਨ ਵਿੱਚ ਹੋਏ ਧਮਾਕੇ ਪਿੱਛੇ ਨਗਰ ਕੌਂਸਲ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਲੱਗ ਰਹੇ ਦੋਸ਼ਾਂ ਸੰਬੰਧੀ ਜਦ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਉੱਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੂੰ ਸ਼ਹਿਰ ਅੰਦਰ ਹੋਏ ਇਸ ਧਮਾਕੇ ਬਾਰੇ ਖ਼ਬਰ ਮਿਲੀ ਤਾਂ ਉਨ੍ਹਾਂ ਤੁਰੰਤ ਘਟਨਾ ਵਾਲੀ ਥਾਂ ਉੱਤੇ ਫ਼ਾਇਰ ਬ੍ਰਿਗੇਡ ਦੀ ਗੱਡੀ ਭੇਜੀ ਗਈ। ਅਸ਼ਵਨੀ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਕੋਲ ਘਟਨਾ ਸਬੰਧੀ ਨਗਰ ਕੌਂਸਲ ਖ਼ਿਲਾਫ਼ ਕੋਈ ਸਬੂਤ ਹੈ ਤਾਂ ਉਹ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।
ਧਮਾਕੇ ਦੀ ਕਰਵਾਈ ਜਾ ਰਹੀ ਹੈ ਫੋਰੈਂਸਿਕ ਜਾਂਚ- ਡੀ.ਐੱਸ.ਪੀ. ਦਲਬੀਰ ਸਿੰਘ
ਸੰਗਰੂਰ: – ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਨੇ ਦੁਕਾਨ ਅੰਦਰ ਹੋਏ ਧਮਾਕੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਟਨਾ ਦੀ ਪੁਲਿਸ ਜਾਂਚ ਦੇ ਨਾਲ ਨਾਲ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਫੋਰੈਂਸਿਕ ਟੀਮ ਨੂੰ ਮੌਕੇ ਉੱਤੇ ਸੱਦ ਕੇ ਘਟਨਾ ਸਥਾਨ ਤੋਂ ਸੈਂਪਲ ਭਰਵਾ ਦਿੱਤੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਸਥਿਤੀ ਹੋਰ ਵੀ ਸਪੱਸ਼ਟ ਹੋ ਸਕੇਗੀ।
ਸ਼ਹਿਰ ਸੰਗਰੂਰ ਅੰਦਰ ਦੇਰ ਰਾਤ ਪਟਾਕਿਆਂ ਦੀ ਦੁਕਾਨ ’ਚ ਹੋਏ ਜ਼ੋਰਦਾਰ ਧਮਾਕੇ ਨਾਲ ਫੈਲੀ ਸਨਸਨੀ
ਅਜੀਤ ਡੈਸਕ
10-07-2026