ਫਿਰੋਜ਼ਪੁਰ, 31 ਦਸੰਬਰ (ਸੁਖਵਿੰਦਰ ਸਿੰਘ)-ਸ਼ਹਿਰ ਦੇ ਦਿਲ ਵਿਚ ਸਥਿਤ ਅਤੇ ਪੰਜਾਬ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਮਰਹੂਮ ਕਮਲ ਸ਼ਰਮਾ ਦੀ ਯਾਦ ਵਿਚ ਬਣਾਇਆ ਗਿਆ ਪਾਰਕ ਅੱਜ ਆਪਣੀ ਹੋਂਦ ਲਈ ਤਰਸਦਾ ਨਜ਼ਰ ਆ ਰਿਹਾ ਹੈ | ਕੁਝ ਸਾਲ ਪਹਿਲਾਂ ਕਮਲ ਸ਼ਰਮਾ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਪਾਰਕ ਨੂੰ ਉਹਨਾਂ ਦਾ ਨਾਮ ਦੇ ਕੇ ਇਕ ਯਾਦਗਾਰ ਦੇ ਰੂਪ ਵਿਚ ਵਿਕਸਤ ਕੀਤਾ ਗਿਆ ਸੀ ਪਰ ਮੌਜੂਦਾ ਸਮੇਂ ਵਿਚ ਇਹ ਪਾਰਕ ਸਰਕਾਰੀ ਅਣਗਹਿਲੀ ਅਤੇ ਪ੍ਰਬੰਧਕੀ ਨਾਕਾਮੀ ਦੀ ਜਿੰਦਾ ਮਿਸਾਲ ਬਣ ਚੁੱਕਾ ਹੈ | ਪਾਰਕ ਅੰਦਰ ਥਾਂ-ਥਾਂ ਗੰਦਗੀ ਦੇ ਢੇਰ, ਟੁੱਟੀਆਂ ਹੋਈਆਂ ਕੁਰਸੀਆਂ, ਬੰਦ ਪਈਆਂ ਲਾਈਟਾਂ ਅਤੇ ਉੱਜੜੀ ਹੋਈ ਹਰਿਆਲੀ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ ਕਿ ਇਸ ਪਾਸੇ ਸਾਲਾਂ ਤੋਂ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਸਰਕਾਰ ਦਾ ਧਿਆਨ ਨਹੀਂ ਗਿਆ | ਇਸ ਸਬੰਧੀ ਜਦੋਂ ਪਾਰਕ ਦੇ ਨਾਲ ਹੀ ਰਹਿਣ ਵਾਲੀ ਸਾਬਕਾ ਕਾਰਜਕਾਰੀ ਮੈਂਬਰ ਪੰਜਾਬ ਭਾਜਪਾ ਡਾ. ਸਰੋਜ ਤਿਆਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਪਾਰਕ ਕਮਲ ਸ਼ਰਮਾ ਦੀ ਯਾਦ ਵਿਚ ਬਹੁਤ ਹੀ ਸੁੰਦਰ ਢੰਗ ਨਾਲ ਤਿਆਰ ਕੀਤਾ ਗਿਆ ਸੀ | ਪਾਰਕ ਅੰਦਰ ਤਰ੍ਹਾਂ-ਤਰ੍ਹਾਂ ਦੇ ਰੰਗਦਾਰ ਬੂਟੇ ਲਗਾਏ ਗਏ ਸਨ ਅਤੇ ਕਾਲੋਨੀ ਵਾਸੀਆਂ ਲਈ ਪੱਥਰ ਦੀਆਂ ਮਜ਼ਬੂਤ ਕੁਰਸੀਆਂ ਵੀ ਲਗਾਈਆਂ ਗਈਆਂ ਸਨ, ਪਰ ਸਮੇਂ ਸਿਰ ਸਾਂਭ-ਸੰਭਾਲ ਨਾ ਹੋਣ ਕਾਰਨ ਅੱਜ ਇਹ ਕੁਰਸੀਆਂ ਟੁੱਟ ਚੁੱਕੀਆਂ ਹਨ ਅਤੇ ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਫ਼ੇਲ੍ਹ ਨਜ਼ਰ ਆ ਰਿਹਾ ਹੈ | ਡਾ. ਤਿਆਗੀ ਨੇ ਮੌਜੂਦਾ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਥੋੜ੍ਹੀ ਜਿਹੀ ਵੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦਿਖਾਈ ਹੁੰਦੀ ਤਾਂ ਅੱਜ ਇਹ ਪਾਰਕ ਇਸ ਹਾਲਤ ਵਿਚ ਨਾ ਹੁੰਦਾ | ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪਾਰਕ ਦੀ ਸਫ਼ਾਈ ਕਰਵਾਈ ਜਾਵੇ, ਟੁੱਟੀਆਂ ਕੁਰਸੀਆਂ ਦੀ ਮੁਰੰਮਤ ਕੀਤੀ ਜਾਵੇ ਅਤੇ ਬੰਦ ਪਈਆਂ ਲਾਈਟਾਂ ਨੂੰ ਚਾਲੂ ਕੀਤਾ ਜਾਵੇ, ਤਾਂ ਜੋ ਕਾਲੋਨੀ ਵਾਸੀ ਅਤੇ ਆਮ ਲੋਕ ਇਸ ਪਾਰਕ ਦਾ ਲਾਭ ਉਠਾ ਸਕਣ | ਅੰਤ ਵਿਚ ਉਹਨਾਂ ਕਿਹਾ ਕਿ ਕਮਲ ਸ਼ਰਮਾ ਦੇ ਨਾਮ ਨਾਲ ਜੁੜੀ ਇਸ ਯਾਦਗਾਰ ਦਾ ਸਹੀ ਪ੍ਰਬੰਧਨ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ, ਨਹੀਂ ਤਾਂ ਇਹ ਪਾਰਕ ਹਰ ਰੋਜ਼ ਸਰਕਾਰ ਦੀ ਨਾਕਾਮੀ ਦੀ ਕਹਾਣੀ ਬਿਆਨ ਕਰਦਾ ਰਹੇਗਾ |