ਫ਼ਿਰੋਜ਼ਪੁਰ, 31 ਦਸੰਬਰ (ਗੁਰਿੰਦਰ ਸਿੰਘ)-ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਸਾਲ 2025 ਦੌਰਾਨ ਇਤਿਹਾਸਕ ਪ੍ਰਾਪਤੀਆਂ ਦਰਜ ਕੀਤੀਆਂ ਹਨ | ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਗਈ Tਯੁੱਧ ਨਸ਼ਿਆਂ ਵਿਰੁੱਧUਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਵਲੋਂ ਅਰਬਾਂ ਰੁਪਏ ਦੇ ਨਸ਼ੇ, ਲੱਖਾਂ ਦੀ ਡਰੱਗ ਮਨੀ ਬਰਾਮਦ ਕਰਦੇ ਹੋਏ ਦੋ ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ | ਸਾਲ ਦੇ ਅੰਤਿਮ ਦਿਨ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਬੀਤ ਰਹੇ ਸਾਲ 2025 ਦੌਰਾਨ ਫ਼ਿਰੋਜ਼ਪੁਰ ਪੁਲਿਸ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਦੱਸਿਆ ਕਿ ਇਸ ਸਾਲ ਦੌਰਾਨ ਫ਼ਿਰੋਜ਼ਪੁਰ ਪੁਲਿਸ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ ਨਸ਼ਿਆਂ ਵਿਰੁੱਧ ਤਹਿਤ ਵੱਡੀਆਂ ਪ੍ਰਾਪਤੀਆਂ ਕਰਦਿਆਂ 2013 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਐੱਨ.ਡੀ.ਪੀ.ਐੱਸ ਐਕਟ ਤਹਿਤ 1617 ਮੁਕੱਦਮੇ ਦਰਜ ਕੀਤੇ ਹਨ | ਉਨ੍ਹਾਂ ਦੱਸਿਆ ਕਿ 1 ਜਨਵਰੀ ਤੋਂ 30 ਦਸੰਬਰ 2025 ਤੱਕ ਫ਼ਿਰੋਜ਼ਪੁਰ ਪੁਲਿਸ ਵਲੋਂ 266 ਕਿੱਲੋ 85 ਗਰਾਮ ਹੈਰੋਇਨ 56 ਕਿੱਲੋ 592 ਗਰਾਮ ਅਫ਼ੀਮ, 1362 ਕਿੱਲੋ 577 ਗਰਾਮ ਭੁੱਕੀ ਚੂਰਾ ਪੋਸਤ, 21 ਕਿੱਲੋ 600 ਗਰਾਮ ਗਾਂਜਾ, 974797 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ 1,40,79,520 ਰੁਪਏ ਡਰੱਗ ਮਨੀ/ਹਵਾਲਾ ਰਾਸ਼ੀ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 68 ਐੱਫ. ਐੱਨ. ਡੀ. ਪੀ.ਐੱਸ ਐਕਟ ਅਧੀਨ 35 ਮਾਮਲਿਆਂ ਵਿਚ 46 ਨਸ਼ਾ ਤਸਕਰਾਂ ਦੀ ਲਗਭਗ 11 ਕਰੋੜ ਰੁਪਏ ਮੁੱਲ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ | ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 2025 ਦੌਰਾਨ ਆਰਮਜ਼ ਐਕਟ ਅਧੀਨ ਵੱਖ-ਵੱਖ ਥਾਣਿਆਂ ਵਿਚ ਦਰਜ 52 ਮੁਕੱਦਮਿਆਂ ਵਿਚ 68 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਰਿਵਾਲਵਰ, 98 ਪਿਸਤੌਲ, ਇਕ ਏਕੇ-47 ਰਾਈਫ਼ਲ, 3 ਬੰਦੂਕਾਂ ਕੁੱਲ 104 ਹਥਿਆਰ ਸਮੇਤ 38 ਮੈਗਜ਼ੀਨ ਅਤੇ 307 ਕਾਰਤੂਸ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਸ ਸਾਲ ਫ਼ਿਰੋਜ਼ਪੁਰ ਪੁਲਿਸ ਵਲੋਂ 2847.285 ਲੀਟਰ ਨਕਲੀ ਸ਼ਰਾਬ, 1568.500 ਲੀਟਰ ਸ਼ਰਾਬ, 43650 ਕਿੱਲੋਗਰਾਮ ਲਾਹਣ ਅਤੇ 3 ਚਾਲੂ ਭੱਠੀਆਂ ਸਮੇਤ 116 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਐਕਸਾਈਜ਼ ਐਕਟ ਤਹਿਤ 112 ਮੁਕੱਦਮੇ ਦਰਜ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਫ਼ਿਰੋਜ਼ਪੁਰ ਪੁਲਿਸ ਵਲੋਂ ਵਾਹਨ ਚੋਰਾਂ ਖ਼ਿਲਾਫ਼ ਸ਼ਿਕੰਜਾ ਕਸਦਿਆਂ 36 ਕੇਸਾਂ ਵਿਚ 61 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀਸ਼ੁਦਾ 67 ਦੋਪਹੀਆ ਵਾਹਨ ਤੇ 3 ਚਾਰ ਪਹੀਆ ਵਾਹਨਾਂ ਸਮੇਤ ਕੁੱਲ 70 ਵਾਹਨ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਇਹ ਸਭ ਪ੍ਰਾਪਤੀਆਂ ਪੰਜਾਬ ਸਰਕਾਰ ਤੇ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿੱਢੀ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਤਾਇਨਾਤ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦੇ ਵਪਾਰੀਆਂ ਅਤੇ ਨਸ਼ੇੜੀਆਂ ਖ਼ਿਲਾਫ਼ ਕਾਰਵਾਈ ਨਿਰੰਤਰ ਜਾਰੀ ਰੱਖੇਗੀ |