ਫਿਰੋਜ਼ਪੁਰ, 31 ਦਸੰਬਰ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਾ ਮੁਕਤੀ ਮੁਹਿੰਮ ਤਹਿਤ ਸਿਟੀ ਪੁਲਿਸ ਨੇ ਸਫਲਤਾ ਹਾਸਲ ਕਰਦੇ ਹੋਏ ਇਕ ਨੌਜਵਾਨ ਨੂੰ 448 ਗਰਾਮ ਹੈਰੋਇਨ, ਮਾਰੂਤੀ ਆਲਟੋ ਰੰਗ ਸਿਲਵਰ ਨੰਬਰ ਐੱਚ.ਆਰ 10- ਜੇ- 2012, ਮੋਬਾਈਲ ਫੋਨ ਮਾਰਕਾ ਲਾਵਾ ਸਮੇਤ ਕਾਬੂ ਕੀਤਾ ਜੋ ਕਿ ਹੈਰੋਇਨ ਵੇਚਣ ਦਾ ਆਦੀ ਸੀ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਟੀ ਪੁਲਿਸ ਦੀ ਨਿਗਰਾਨੀ ਹੇਠ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਭੱਟੀਆਂ ਵਾਲੀ ਬਸਤੀ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਮੋੜੀ ਤਾਂ ਕੁਝ ਅੱਗੇ ਰਸਤੇ ਵਿਚ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੋਨੰੂ ਪੁੱਤਰ ਬਲਵੀਰ ਸਿੰਘ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ | ਅੱਜ ਵੀ ਉਹ ਹੈਰੋਇਨ ਲੈ ਕੇ ਅੱਗੇ ਵੇਚਣ ਲਈ ਕਾਰ ਮਾਰੂਤੀ ਆਲਟੋ ਰੰਗ ਸਿਲਵਰ ਨੰਬਰੀ ਐੱਚ.ਆਰ 10 ਜੇ 2012 'ਤੇ ਸਵਾਰ ਹੋ ਕੇ ਫ਼ਾਜ਼ਿਲਕਾ ਰੋਡ ਵੱਲ ਨੂੰ ਆ ਰਿਹਾ ਹੈ | ਇਤਲਾਹ ਭਰੋਸੇਯੋਗ ਹੋਣ 'ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਫ਼ਾਜ਼ਿਲਕਾ ਰੋਡ 'ਤੇ ਨਾਕਾਬੰਦੀ ਕਰਕੇ ਸੋਨੰੂ ਪੁੱਤਰ ਬਲਵੀਰ ਸਿੰਘ ਵਾਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਗਲੀ ਬਸਤੀ ਗੋਲ ਬਾਗ਼ ਫਿਰੋਜ਼ਪੁਰ ਸ਼ਹਿਰ ਨੂੰ 448 ਗਰਾਮ ਹੈਰੋਇਨ, ਆਲਟੋ ਕਾਰ ਐਚ.ਆਰ 10 ਜੇ 2012 ਅਤੇ ਮੋਬਾਈਲ ਸਮੇਤ ਕਾਬੂ ਕਰਕੇ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕਦਮਾ ਦਰਜ ਕੀਤਾ |