ਮੱਖੂ, 20 ਫਰਵਰੀ (ਵਰਿੰਦਰ ਮਨਚੰਦਾ)-ਭਾਰਤੀ ਸਮਾਜ ਦੀਆਂ ਕਦਰਾਂ, ਕੀਮਤਾਂ ਤੇ ਨੈਤਿਕਤਾ ਭਿ੍ਸ਼ਟਾਚਾਰ ਲੱਕੜ ਨੂੰ ਲੱਗੀ ਸਿਉਂਕ ਵਾਂਗ ਖਾ ਰਿਹਾ ਅਤੇ ਇਸੇ ਭਿ੍ਸ਼ਟਾਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਨਵਯੁਗ ਪ੍ਰਕਾਸ਼ਨ ਦਿੱਲੀ ਵਲੋਂ ਪ੍ਰਕਾਸ਼ਿਤ ਨਾਵਲ 'ਕਿਸ ਹੱਦ ਤੱਕ' 'ਚ ਜ਼ਿਕਰ ਕੀਤਾ ਗਿਆ ਹੈ | ਇਹ ਜਾਣਕਾਰੀ ਮੱਖੂ ਇਲਾਕੇ ਦੇ ਸਾਹਿੱਤਕਾਰ ਡਾ. ਸਤੀਸ਼ ਠੁਕਰਾਲ ਸੋਨੀ ਨੇ ਪੱਤਰਕਾਰਾਂ ਸਨਮੁੱਖ ਗੱਲਬਾਤ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਉਕਤ ਨਾਵਲ ਦੀ ਕਹਾਣੀ, ਕਥਾਨਕ ਤੇ ਵਿਸ਼ਾ ਵਸਤੂ ਸਭ ਇਸੇ ਸਮਾਜ 'ਚੋਂ ਲਏ ਗਏ ਹਨ ਅਤੇ ਪਾਠਕਾਂ ਨੂੰ ਸਮਾਜ ਸੇਵਾ ਖੇਤਰ ਦੇ ਨਾਲ-ਨਾਲ ਫ਼ਰਜ਼ੀ ਇਨਸਾਨੀ ਰਿਸ਼ਤਿਆਂ ਦੇ ਅੰਦਰੂਨੀ ਕਰੂਰ ਯਥਾਰਥ ਦੇ ਰੁਬਰੂ ਕਰਵਾਉਣ ਦਾ ਜ਼ਰੀਆ ਬਣਨਗੇ | ਸਾਹਿੱਤਕਾਰ ਡਾ. ਸਤੀਸ਼ ਠੁਕਰਾਲ ਨੇ ਦੱਸਿਆ ਕਿ ਉਕਤ ਨਾਵਲ ਬੀਤੇ ਸਮੇਂ ਵਿਚ ਆਯੋਜਿਤ ਹੋਈ ਕਾਲਾ ਪੀਲੀਆ ਰੋਕੂ ਟੀਕਾਕਰਨ ਮੁਹਿੰਮ ਨਾਲ ਸੰਬੰਧਿਤ ਹੈ | ਜਿਸ 'ਚ ਨਾਵਲ ਨੂੰ ਨਵਯੁਗ ਪ੍ਰਕਾਸ਼ਨ ਦੇ ਸੀ. ਈ. ਓ. ਡਾ. ਰੇਣੂਕਾ ਵਲੋਂ ਦਿੱਲੀ ਵਿਖੇ ਲੋਕ ਅਰਪਿਤ ਕੀਤਾ | ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ 10 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ ਅਤੇ ਜਿੱਥੇ ਡੀ. ਡੀ. ਪੰਜਾਬੀ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਰਹਿੰਦੇ ਹਨ, ਉਥੇ ਆਲ ਇੰਡੀਆ ਰੇਡੀਉ 'ਤੇ ਵੀ ਆਪਣੀਆਂ ਪੇਸ਼ਕਾਰੀਆਂ ਦਿੰਦੇ ਰਹਿੰਦੇ ਹਨ | ਡਾ. ਸਤੀਸ਼ ਠੁਕਰਾਲ ਨੇ ਦੱਸਿਆ ਕਿ ਫ਼ੀਚਰ ਫ਼ਿਲਮਾਂ ਦੇ ਸਕਰਿਪਟ ਲੇਖਕ ਵਜੋਂ ਬਾਲੀਵੁੱਡ ਵਿਚ ਆਪਣੀ ਪਹਿਚਾਣ ਬਣਾਉਣ ਲਈ ਸੰਘਰਸ਼ ਕਰਨ ਤੋਂ ਇਲਾਵਾ ਮੱਖੂ ਵਿਖੇ ਆਪਣਾ ਹਸਪਤਾਲ ਚਲਾਉਣ ਦੇ ਨਾਲ-ਨਾਲ ਇਕ ਮੱਝੇ ਹੋਏ ਮੰਚ ਸੰਚਾਲਕ ਵਜੋਂ ਆਪਣੀਆਂ ਪੇਸ਼ਕਾਰੀਆਂ ਦਿੰਦੇ ਰਹਿੰਦੇ ਹਨ |