ਫ਼ਿਰੋਜ਼ਪੁਰ, 9 ਮਈ (ਗੁਰਿੰਦਰ ਸਿੰਘ)-ਭਾਰਤ ਦੀ ਮਰਦਮਸ਼ੁਮਾਰੀ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਦੇ ਉਦੇਸ਼ ਨਾਲ ਸਕੂਲ ਆਫ਼ ਐਮੀਨੈਂਸ ਫ਼ਿਰੋਜ਼ਪੁਰ ਵਿਖੇ ਚੱਲ ਰਹੀ ਤਿੰਨ ਰੋਜ਼ਾ ਟਰੇਨਿੰਗ ਦੇ ਚੌਥੇ ਬੈਚ ਦੀ ਸਮਾਪਤੀ ਹੋ ਗਈ | ਇਸ ਟਰੇਨਿੰਗ ਵਿਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਦਫ਼ਤਰਾਂ ਜ਼ੀਰਾ, ਮੱਖੂ, ਮੱਲਾਂਵਾਲਾ, ਮਮਦੋਟ ਅਤੇ ਮੁਦਕੀ, ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਅਤੇ ਤਹਿਸੀਲ ਦਫ਼ਤਰ ਫ਼ਿਰੋਜ਼ਪੁਰ ਨਾਲ ਸੰਬੰਧਿਤ ਕਰਮਚਾਰੀਆਂ ਨੇ ਭਾਗ ਲਿਆ | ਟਰੇਨਿੰਗ ਦਾ ਮੁੱਖ ਕੇਂਦਰ ਮਕਾਨ ਸੂਚੀਕਰਣ ਅਤੇ ਮਕਾਨਾਂ ਦੀ ਗਿਣਤੀ ਸਬੰਧੀ ਕਾਰਜ-ਵਿਧੀ ਨੂੰ ਵਿਗਿਆਨਕ ਅਤੇ ਡਿਜੀਟਲ ਢੰਗ ਨਾਲ ਸਮਝਾਉਣਾ ਰਿਹਾ | ਟਰੇਨਿੰਗ ਦੌਰਾਨ ਫ਼ੀਲਡ ਟਰੇਨਰ ਅੰਕੁਸ਼ ਵਡੇਰਾ ਅਤੇ ਰਾਮਾਨੰਦ ਨੇ ਭਾਗੀਦਾਰਾਂ ਨੂੰ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਮਕਾਨ ਸੂਚੀਕਰਣ ਮਰਦਮਸ਼ੁਮਾਰੀ ਦੀ ਬੁਨਿਆਦ ਹੁੰਦੀ ਹੈ ਅਤੇ ਇਸ ਦੇ ਆਧਾਰ 'ਤੇ ਅਗਲੇ ਸਾਰੇ ਪੜਾਅ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ | ਇਸ ਲਈ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਵਿਚ ਪੂਰੀ ਸਾਵਧਾਨੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਲੋੜ ਹੈ | ਟਰੇਨਿੰਗ ਦੌਰਾਨ ਮਕਾਨਾਂ ਦੀ ਸਹੀ ਪਛਾਣ, ਪਰਿਵਾਰਕ ਇਕਾਈਆਂ ਦੀ ਗਿਣਤੀ, ਰਿਕਾਰਡ ਭਰਨ ਦੀ ਪ੍ਰਕਿਰਿਆ ਅਤੇ ਡਿਜੀਟਲ ਐਪਲੀਕੇਸ਼ਨਾਂ ਰਾਹੀਂ ਡਾਟਾ ਇਕੱਠਾ ਕਰਨ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਭਾਗੀਦਾਰਾਂ ਨੂੰ ਮੈਦਾਨੀ ਪੱਧਰ 'ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ, ਲੋਕਾਂ ਨਾਲ ਸੰਚਾਰ ਦੌਰਾਨ ਆਉਣ ਵਾਲੀਆਂ ਚੁਨੌਤੀਆਂ ਅਤੇ ਤਕਨੀਕੀ ਦਿੱਕਤਾਂ ਦੇ ਹੱਲ ਵੀ ਸਮਝਾਏ ਗਏ | ਇਸ ਮੌਕੇ ਜਨਗਣਨਾ ਵਿਭਾਗ ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ ਆਰ.ਪੀ. ਸਿੰਘ, ਜ਼ਿਲ੍ਹਾ ਖੋਜ ਅਫ਼ਸਰ ਗੁਰਿੰਦਰ ਸਿੰਘ, ਕੋਆਰਡੀਨੇਟਰ ਕਾਰਤਿਕ ਅਤੇ ਸਹਾਇਕ ਰਿਸਰਚ ਅਫ਼ਸਰ ਤਰਸੇਮ ਲਾਲ ਵਲੋਂ ਟਰੇਨਿੰਗ ਦਾ ਦੌਰਾ ਕਰਕੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਗਈ | ਅਧਿਕਾਰੀਆਂ ਨੇ ਕਰਮਚਾਰੀਆਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉਚਿੱਤ ਜਵਾਬ ਦਿੰਦਿਆਂ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਕੀਤਾ | ਅੰਤ ਵਿਚ ਸਾਰੇ ਕਰਮਚਾਰੀਆਂ ਨੂੰ ਟੀਮ ਵਰਕ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ |