ਜੀਰਾ, 22 ਮਈ(ਪ੍ਰਤਾਪ ਸਿੰਘ ਹੀਰਾ)-ਮੱਖੂ ਰੋਡ ਜੀਰਾ ਵਿਖੇ ਸਥਿਤ ਨਿਊ ਪੈਰਾਡਾਈਜ਼ ਸਕੂਲ ਵਿਚ ਸਿੱਖਾਂ ਦੇ ਪੰਜਵੇਂ ਗੁਰੂ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਭਾਈ ਮਨਜੀਤ ਸਿੰਘ ਅੰਮਿ੍ਤਸਰ ਵਾਲੇ ਗਿਆਨੀ ਭਾਈ ਬਲਵਿੰਦਰ ਸਿੰਘ ਮੱਖੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵਲੋਂ ਵੈਰਾਗਮਈ ਅਤੇ ਰਸ-ਭਿੰਨੇ ਕੀਰਤਨ ਨਾਲ ਕੀਤੀ ਗਈ | ਇਸ ਉਪਰੰਤ ਵਿਦਿਆਰਥੀਆਂ ਨੇ ਗੁਰੂ ਜੀ ਦੀ ਸ਼ਹਾਦਤ, ਉਨ੍ਹਾਂ ਦੀ ਕੁਰਬਾਨੀ ਅਤੇ 'ਤੇਰਾ ਭਾਣਾ ਮੀਠਾ ਲਾਗੈ' ਦੇ ਮਹਾਂਵਾਕ 'ਤੇ ਆਧਾਰਿਤ ਭਾਵੁਕ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਆਏ ਹੋਏ ਪਤਵੰਤਿਆਂ ਨੇ ਗੁਰੂ ਜੀ ਦੇ ਜੀਵਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਤੱਤੀ ਤਵੀ 'ਤੇ ਬੈਠ ਕੇ ਦਿੱਤੀ ਅਦੁੱਤੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਪਿ੍ੰਸੀਪਲ ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਬਰ, ਸੰਤੋਖ ਅਤੇ ਰਜ਼ਾ ਵਿਚ ਰਹਿਣ ਦਾ ਸਰਵੋਤਮ ਪ੍ਰਤੀਕ ਹੈ | ਉਨ੍ਹਾਂ ਨੇ ਬੱਚਿਆਂ ਨੂੰ ਗੁਰੂ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਣ, ਮਨੁੱਖਤਾ ਦੀ ਸੇਵਾ ਕਰਨ ਅਤੇ ਆਪਣੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਲਖਵਿੰਦਰ ਸਿੰਘ ਢਿੱਲੋਂ ਅਤੇ ਮੈਡਮ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਸਾਨੂੰ ਜ਼ੁਲਮ ਖ਼ਿਲਾਫ਼ ਅਡੋਲ ਰਹਿਣ ਅਤੇ ਹਮੇਸ਼ਾ ਸੱਚ ਦੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੰਦੀ ਹੈ | ਪ੍ਰੋਗਰਾਮ ਵਿੱਚ ਸਕੂਲ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ | ਸਕੂਲ ਚੇਅਰਮੈਨ ਨੇ ਇਸ ਸਫਲ ਆਯੋਜਨ ਲਈ ਸਮੂਹ ਸਟਾਫ਼ ਅਤੇ ਬੱਚਿਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਦੌਰਾਨ ਪ੍ਰੋਗਰਾਮ ਵਿਚ ਸੁਖਵੰਤ ਕੌਰ, ਮਨੀਸ਼ਾ, ਪੂਜਾ, ਰਵਨੀਤ ਕੌਰ, ਨਰਿੰਦਰ ਕੌਰ, ਸੁਮਨ, ਪਵਨਦੀਪ ਕੌਰ, ਹਰਜੀਤ ਕੌਰ, ਅਧਿਆਪਕ ਮਨੀਸ਼ ਕੁਮਾਰ, ਰਜਨੀਸ਼, ਬਚਨ ਆਦਿ ਸਕੂਲ ਸਟਾਫ ਮੌਜੂਦ ਸਨ |