ਫ਼ਿਰੋਜ਼ਪੁਰ, 22 ਮਈ (ਗੁਰਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਚੋਣੀ ਰੰਗ ਵਿਚ ਰੰਗਿਆ ਹੋਇਆ ਹੈ | ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ 'ਤੇ ਸਾਬਕਾ ਕੌਂਸਲਰ ਵਲੋਂ ਪੂਰੇ ਜੋਸ਼, ਵਿਸ਼ਵਾਸ ਅਤੇ ਮਜ਼ਬੂਤ ਰਣਨੀਤੀ ਨਾਲ ਚੋਣ ਪ੍ਰਚਾਰ ਚਲਾਇਆ ਜਾ ਰਿਹਾ ਹੈ | ਡੋਰ-ਟੂ-ਡੋਰ ਮੁਹਿੰਮ ਦੌਰਾਨ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਨੂੰ ਮਿਲ ਰਹੇ ਪਿਆਰ, ਸਤਿਕਾਰ ਅਤੇ ਭਰੋਸੇ ਨੇ ਚੋਣ ਮਾਹੌਲ ਨੂੰ ਕਾਫ਼ੀ ਹੱਦ ਤੱਕ ਅਕਾਲੀ ਦਲ ਦੇ ਹੱਕ ਵਿਚ ਕਰ ਦਿੱਤਾ ਹੈ | ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਦੀ ਅਗਵਾਈ ਵਿਚ ਚਲਾਏ ਜਾ ਰਹੇ ਚੋਣ ਪ੍ਰਚਾਰ ਦੌਰਾਨ ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਇਲਾਕੇ ਦੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਗਲੀਆਂ-ਨਾਲੀਆਂ ਦੀ ਮਾੜੀ ਹਾਲਤ, ਸਫ਼ਾਈ ਪ੍ਰਬੰਧਾਂ ਵਿਚ ਲਾਪਰਵਾਹੀ, ਟੁੱਟੀਆਂ ਸੜਕਾਂ ਅਤੇ ਵਿਕਾਸ ਕਾਰਜਾਂ ਦੀ ਕਮੀ ਕਾਰਨ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰਿਆ | ਜਿਸ ਕਾਰਨ ਹੁਣ ਲੋਕ ਅਜਿਹੀ ਇਮਾਨਦਾਰ ਅਤੇ ਜ਼ਿੰਮੇਵਾਰ ਲੀਡਰਸ਼ਿਪ ਦੀ ਤਲਾਸ਼ ਵਿਚ ਹਨ ਜੋ ਸਿਰਫ਼ ਵਾਅਦੇ ਨਾ ਕਰੇ, ਸਗੋਂ ਜ਼ਮੀਨੀ ਪੱਧਰ 'ਤੇ ਵਿਕਾਸ ਨੂੰ ਯਕੀਨੀ ਬਣਾਵੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪੰਜਾਬ ਨੇ ਵਿਕਾਸ ਦੀ ਨਵੀਂ ਦਿਸ਼ਾ ਵੇਖੀ ਸੀ | ਫ਼ਿਰੋਜ਼ਪੁਰ ਸ਼ਹਿਰ ਵਿਚ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਹੋਏ ਸਨ | ਪਰ ਪਿਛਲੇ ਕੁੱਝ ਸਾਲਾਂ ਦੌਰਾਨ ਵਿਕਾਸ ਦੀ ਰਫ਼ਤਾਰ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਲਈ ਵੀ ਤਰਸਦੇ ਰਹੇ | ਪਰਮਜੀਤ ਸਿੰਘ ਕਲਸੀ ਦੀ ਚੋਣ ਮੁਹਿੰਮ ਸੰਭਾਲ ਰਹੇ ਦਵਿੰਦਰ ਸਿੰਘ ਕਲਸੀ, ਨਿਰਮਲ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ ਬੰਬਰਾਹ ਆਦਿ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਦਾਅਵਾ ਕੀਤਾ ਕਿ ਲੋਕਾਂ ਦਾ ਵਧਦਾ ਵਿਸ਼ਵਾਸ ਅਤੇ ਮਿਲ ਰਿਹਾ ਜਨ ਸਮਰਥਨ ਸਾਫ਼ ਸੰਕੇਤ ਦੇ ਰਿਹਾ ਹੈ ਕਿ ਇਸ ਵਾਰ ਵਾਰਡ ਨੰਬਰ 2 ਵਿਚ ਲੋਕਾਂ ਦਾ ਰੁਝਾਨ ਅਕਾਲੀ ਦਲ ਵੱਲ ਸਾਫ਼ ਤੌਰ 'ਤੇ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਾਰ ਲੋਕ ਵਿਕਾਸ, ਇਮਾਨਦਾਰੀ ਅਤੇ ਲੋਕਾਂ ਦੇ ਦਰਦ ਨੂੰ ਸਮਝਣ ਵਾਲੀ ਲੀਡਰਸ਼ਿਪ ਨੂੰ ਚੁਣਨ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਗੁਰਪ੍ਰੀਤ ਸਿੰਘ ਕਲਸੀ, ਮਨਜੀਤ ਸਿੰਘ ਸੋਹਲ, ਮੁਖ਼ਤਿਆਰ ਸਿੰਘ ਵਿਰਦੀ, ਮਿਹਰ ਸਿੰਘ ਬਲਵਿੰਦਰ ਸਿੰਘ ਕਲਸੀ, ਬਲਵਿੰਦਰ ਸਿੰਘ, ਗੁਰਨੈਬ ਸਿੰਘ ਗਿੱਲ, ਅਮਨਦੀਪ ਸਿੰਘ, ਰਣਬੀਰ ਸਿੰਘ ਕਰਨਦੀਪ ਸਿੰਘ, ਗੁਰਮੁਖ ਸਿੰਘ ਤੋਤਾ ਆਦਿ ਆਗੂ 'ਤੇ ਵਰਕਰ ਵੀ ਮੌਜੂਦ ਸਨ |