ਜ਼ੀਰਾ, 30 ਮਈ(ਪ੍ਰਤਾਪ ਸਿੰਘ ਹੀਰਾ)-ਪਾਵਰਕਾਮ ਮਹਿਕਮੇ ਵਿਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹਨ ਪਰ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਬਿਨਾਂ ਵਜ੍ਹਾ ਮੁਲਾਜ਼ਮਾਂ ਨੂੰ ਮੋਬਾਈਲ ਦੇਣ ਦਾ ਦਬਾਅ ਬਣਾ ਰਹੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੀ.ਐਸ.ਈ.ਬੀ ਇੰਪਲਾਈ ਫੈਡਰੇਸ਼ਨ ਏਟਕ ਦੇ ਡਿਵੀਜ਼ਨ ਪ੍ਰਧਾਨ ਸੁਖਵੀਰ ਸਿੰਘ ਸੁੱਖੇਵਾਲਾ, ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ, ਸੁਖਦੇਵ ਸਿੰਘ ਬੱਗੀ ਪੱਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਹਨਾਂ ਕਿਹਾ ਕਿ ਫ਼ੀਲਡ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਜਿਸ ਸਮਾਨ ਦੀ ਲੋੜ ਹੁੰਦੀ ਹੈ ਉਹ ਤਾਂ ਮਿਲ ਨਹੀਂ ਰਿਹਾ ਪਰ ਮੋਬਾਈਲ ਫੋਨ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਥੇਬੰਦੀਆਂ ਨੇ ਇਸ ਤਾਨਾਸ਼ਾਹੀ ਫਰਮਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਫਰਮਾਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਉਹਨਾਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਏਸੀ ਕਮਰਿਆਂ ਵਿੱਚ ਬੈਠ ਕੇ ਮੁਲਾਜ਼ਮਾਂ 'ਤੇ ਹੁਕਮ ਚਲਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਇਕ ਘੰਟੇ ਵਿਚ ਕੰਮ ਕੰਪਲੀਟ ਕਰੋ ਜੇਕਰ ਦੋ ਘੰਟੇ ਤੋਂ ਵੱਧ ਸਮਾਂ ਹੋ ਗਿਆ ਤਾਂ ਕਾਰਵਾਈ ਹੋਵੇਗੀ ਰਾਤ ਨੂੰ ਫ਼ੀਲਡ ਵਿੱਚ ਨੁਕਸ ਪੈਣ ਤੇ ਜਲਦੀ ਕਲੀਅਰ ਕਰੋ ਪਰ ਬਿਜਲੀ ਮਹਿਕਮੇ ਵਿਚ ਹਜ਼ਾਰਾਂ ਅਸਾਮੀਆ ਖਾਲੀ ਪਈਆਂ ਹਨ | ਉਸ ਪਾਸੇ ਪਾਵਰਕਾਮ ਦੀ ਮੈਨੇਜਮੈਂਟ ਦਾ ਕੋਈ ਧਿਆਨ ਨਹੀਂ ਪਰ ਮੁਲਾਜ਼ਮਾਂ ਨੂੰ ਤਾਨਾਸ਼ਾਹੀ ਫਰਮਾਨ ਦਿੱਤੇ ਜਾ ਰਹੇ ਹਨ | ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਉਹਨਾਂ ਦੇ ਨਾਲ ਮੋਹਣ ਸਿੰਘ ਗਾਦੜੀ ਵਾਲਾ, ਬਲਦੇਵ ਸਿੰਘ ਮੋਗਾ ਸਰਕਲ ਪ੍ਰਧਾਨ, ਸਰਵਨ ਸਿੰਘ ਜੇਈ, ਸੁਰਜੀਤ ਸਿੰਘ ਗਿੱਲ ਆਦਿ ਬਿਜਲੀ ਮੁਲਾਜ਼ਮ ਆਗੂ ਹਾਜ਼ਰ ਸਨ |