ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਆਨਲਾਈਨ ਪੋਰਟਲ ਰਾਹੀਂ ਹੋਣ ਬਦਲੀਆਂ, ਸਾਰੇ ਅਧਿਆਪਕਾਂ ਨੂੰ ਮਿਲੇ ਬਦਲੀ ਦਾ ਬਰਾਬਰ ਅਧਿਕਾਰ-ਗੌਰਮਿੰਟ ਟੀਚਰਜ਼ ਯੂਨੀਅਨ

Ad Position 21
No active advertisement
ਅਜੀਤ ਡੈਸਕ 31-05-2026
ਫ਼ਾਜ਼ਿਲਕਾ,30 ਮਈ (ਅਮਰਜੀਤ ਸ਼ਰਮਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਲਈ ਪੋਰਟਲ ਖੋਲਿ੍ਹਆ ਗਿਆ ਸੀ | ਅਧਿਆਪਕਾਂ ਨੂੰ 24 ਮਈ ਤੱਕ ਆਪਣਾ ਡਾਟਾ ਭਰਨ ਦਾ ਸਮਾਂ ਦਿੱਤਾ ਗਿਆ ਸੀ, ਪਰ ਵੱਡੀ ਗਿਣਤੀ ਵਿਚ ਅਧਿਆਪਕਾਂ ਦਾ ਡਾਟਾ ਦੋ ਸਾਲ ਦੀ 'ਸਟੇਅ ਅਵਧੀ' ਪੂਰੀ ਨਾ ਹੋਣ ਦੇ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਹੈ | ਗੌਰਮਿੰਟ ਟੀਚਰਜ਼ ਯੂਨੀਅਨ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਟਰਾਂਸਫ਼ਰ ਪਾਲਿਸੀ ਅਨੁਸਾਰ ਆਮ ਬਦਲੀਆਂ ਲਈ ਦੋ ਸਾਲ ਦੀ ਸਟੇਅ ਅਵਧੀ ਜ਼ਰੂਰੀ ਹੈ, ਜਦਕਿ ਵਿਭਾਗ ਵਲੋਂ ਅਮਲੀ ਰੂਪ ਵਿਚ ਤਿੰਨ ਸਾਲ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ | ਯੂਨੀਅਨ ਆਗੂਆਂ ਅਨੁਸਾਰ ਜੇਕਰ ਦੋ ਸਾਲ ਦੀ ਸ਼ਰਤ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਤਾਂ ਸਾਲ 2024 ਵਿਚ ਬਦਲੀ ਕਰਵਾਉਣ ਵਾਲੇ ਅਧਿਆਪਕ ਇਸ ਸਾਲ ਬਦਲੀ ਲਈ ਯੋਗ ਮੰਨੇ ਜਾਂਦੇ | ਯੂਨੀਅਨ ਦੇ ਸੀਨੀਅਰ ਆਗੂ ਭਗਵੰਤ ਭਟੇਜਾ ਨੇ ਦੱਸਿਆ ਕਿ ਸਾਲ 2024 ਦੇ ਬਦਲੀ ਦੇ ਹੁਕਮ ਮਈ ਦੇ ਬਜਾਏ ਅਗਸਤ 2024 ਵਿਚ ਜਾਰੀ ਕੀਤੇ ਗਏ ਸਨ | ਇਸ ਕਾਰਨ ਮਈ 2026 ਤੱਕ ਕਿਸੇ ਵੀ ਅਧਿਆਪਕ ਦੇ ਦੋ ਸਾਲ ਪੂਰੇ ਨਹੀਂ ਹੋਏ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਸਟੇਅ ਅਵਧੀ ਪੂਰੀ ਨਾ ਹੋਣ ਦਾ ਹਵਾਲਾ ਦੇ ਕੇ ਰੱਦ ਕਰ ਦਿੱਤੀਆਂ ਗਈਆਂ | ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਪ੍ਰਸਤ ਭਗਵੰਤ ਭਟੇਜਾ, ਪ੍ਰਧਾਨ ਪਰਮਜੀਤ ਸਿੰਘ ਸੋਰੇਵਾਲਾ, ਨਿਸ਼ਾਂਤ ਅਗਰਵਾਲ, ਅਮਨਦੀਪ ਸਿੰਘ ਅਤੇ ਸੱਜਣ ਸਹਾਰਨ ਨੇ ਮੰਗ ਕੀਤੀ ਹੈ ਕਿ ਸਾਲ 2024 ਦੇ ਪਹਿਲੇ ਪੜਾਅ ਦੀਆਂ ਬਦਲੀਆਂ ਦੀ ਸਟੇਅ ਅਵਧੀ ਦੀ ਗਣਨਾ ਉਸ ਸਮੇਂ ਤੋਂ ਕੀਤੀ ਜਾਵੇ ਜਦੋਂ ਬਦਲੀ ਪ੍ਰਕਿਰਿਆ ਸ਼ੁਰੂ ਹੋਈ ਸੀ | ਇਸ ਦੇ ਨਾਲ ਹੀ ਬਦਲੀਆਂ ਲਈ ਪੋਰਟਲ ਦੁਬਾਰਾ ਖੋਲਿ੍ਹਆ ਜਾਵੇ ਤਾਂ ਜੋ ਅਗਸਤ 2026 ਤੱਕ ਦੋ ਸਾਲ ਪੂਰੇ ਕਰਨ ਵਾਲੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਮਿਲ ਸਕੇ | 24 ਮਈ ਨੂੰ ਕਈ ਅਧਿਆਪਕਾਂ ਨੇ ਪੋਰਟਲ 'ਤੇ ਆਪਣਾ ਡਾਟਾ ਭਰਿਆ ਸੀ, ਪਰ ਡੀ.ਡੀ.ਓ ਵਲੋਂ ਇਹ ਕਿਹਾ ਗਿਆ ਕਿ ਜਿਨ੍ਹਾਂ ਦੇ ਦੋ ਸਾਲ ਪੂਰੇ ਨਹੀਂ ਹੋਏ, ਉਨ੍ਹਾਂ ਦਾ ਡਾਟਾ ਵਿਭਾਗ ਨੇ ਰੱਦ ਕਰ ਦਿੱਤਾ ਹੈ | ਦੂਜੇ ਪਾਸੇ, ਅਧਿਆਪਕਾਂ ਨੇ ਦੋਸ਼ ਲਗਾਇਆ ਹੈ ਕਿ ਕੁੱਝ ਡੀ.ਡੀ.ਓ.ਆਪਣੇ ਚਹੇਤੇ ਕਰਮਚਾਰੀਆਂ ਦਾ ਡਾਟਾ ਸਟੇਅ ਅਵਧੀ ਪੂਰੀ ਨਾ ਹੋਣ ਦੇ ਬਾਵਜੂਦ ਪ੍ਰਵਾਨ ਕਰ ਰਹੇ ਹਨ, ਜਦਕਿ ਆਮ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਯੂਨੀਅਨ ਨੇ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੇ ਉਲਟ ਜਾ ਕੇ ਡਾਟਾ ਪ੍ਰਵਾਨ ਕਰਨ ਵਾਲੇ ਡੀ.ਡੀ.ਓਜ ਦੇ ਕੰਮ ਦੀ ਜਾਂਚ ਕਰਵਾਈ ਜਾਵੇ | ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਆਮ ਬਦਲੀਆਂ ਵਿਚ ਬਰਾਬਰ ਦੇ ਮੌਕੇ ਅਤੇ ਅਧਿਕਾਰ ਦਿੱਤੇ ਜਾਣ ਅਤੇ ਪੋਰਟਲ ਨੂੰ ਅਗਸਤ ਤੱਕ ਦੀ ਸ਼ਰਤ ਪੂਰੀ ਕਰਨ ਵਾਲੇ ਅਧਿਆਪਕਾਂ ਲਈ ਦੁਬਾਰਾ ਖੋਲ੍ਹ ਕੇ ਰਾਹਤ ਪ੍ਰਦਾਨ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਾਰੇ ਸਰਕਾਰੀ ਸਕੂਲਾਂ 'ਚ ਮਨਾਇਆ ਗਿਆ 'ਸਿੱਖਿਆ ਦਾ ਮਹਾਂ ਜਸ਼ਨ' ਅਗਲੀ ਖ਼ਬਰ ਅਰੋੜਵੰਸ਼ ਸਮਾਜ ਨੇ ਧੂਮਧਾਮ ਨਾਲ ਮਨਾਈ ਅਰੂਟ ਜੀ ਦੀ ਜੈਅੰਤੀ
Ad Position 24
No active advertisement