ਗੁਰੂਹਰਸਹਾਏ, 26 ਜੂਨ (ਕਪਿਲ ਕੰਧਾਰੀ)–5 ਜੁਲਾਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਗੁਰੂਹਰਸਹਾਏ ਚੋਣਾਂ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਕੁੱਲ 99 ਨਾਮਜ਼ਦਗੀ ਪੱਤਰ ਐਸ.ਡੀ.ਐਮ.-ਕਮ-ਰਿਟਰਨਿੰਗ ਅਫਸਰ ਹਰਦੀਪ ਸਿੰਘ ਕੋਲ ਦਾਖਲ ਕਰਵਾਏ ਗਏ ਸਨ। ਅੱਜ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਕੀਤੀ ਗਈ ਜਿਸ ਦੌਰਾਨ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ।ਰਿਟਰਨਿੰਗ ਅਫਸਰ ਵਲੋਂ ਜਾਰੀ ਕੀਤੀ ਗਈ। ਸੂਚੀ ਅਨੁਸਾਰ ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਕਾਜਲ ਪੁੱਤਰੀ ਗੁਰਸੇਵਕ ਸਿੰਘ ਦਾ ਨਾਮਜ਼ਦਗੀ ਪੱਤਰ ਵੋਟਰ ਸੂਚੀ ਵਿਚ ਨਾਮ ਦਰਜ ਨਾ ਹੋਣ ਕਾਰਨ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 4 ਤੋਂ ਭਾਜਪਾ ਦੀ ਉਮੀਦਵਾਰ ਰੇਖਾ ਪਤਨੀ ਭਾਪੋ ਦਾ ਨਾਮਜ਼ਦਗੀ ਪੱਤਰ ਵੀ ਵੋਟਰ ਸੂਚੀ ਵਿੱਚ ਨਾਮ ਨਾ ਮਿਲਣ ਕਾਰਨ ਰੱਦ ਕਰ ਦਿੱਤਾ ਗਿਆ। ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿਮਾਂਸ਼ੂ ਮੋਂਗਾ ਪੁੱਤਰ ਰਵਿੰਦਰ ਸਿੰਘ ਦਾ ਨਾਮਜ਼ਦਗੀ ਪੱਤਰ ਐਨ.ਓ.ਸੀ. ਗੈਰ-ਪ੍ਰਮਾਣਿਕ ਪਾਏ ਜਾਣ ਕਾਰਨ ਚੋਣ ਅਧਿਕਾਰੀ ਦੀ ਰਿਪੋਰਟ ਦੇ ਆਧਾਰ ’ਤੇ ਰੱਦ ਕੀਤਾ ਗਿਆ ਹੈ।ਸਕਰੂਟਨੀ ਤੋਂ ਬਾਅਦ ਹੁਣ ਚੋਣ ਮੈਦਾਨ ਵਿੱਚ ਬਾਕੀ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ। ਐਸ.ਡੀ.ਐਮ.-ਕਮ-ਰਿਟਰਨਿੰਗ ਅਫਸਰ ਹਰਦੀਪ ਸਿੰਘ ਨੇ ਦੱਸਿਆ ਕਿ 27 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ ਹੈ। ਇਸ ਉਪਰੰਤ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ।