ਫ਼ਿਰੋਜ਼ਪੁਰ,26 ਜੂਨ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾ.ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ ਅਤੇ ਡਾ.ਮਿੰਦਰਪਾਲ ਕੌਰ ਜ਼ਿਲ੍ਹਾ ਐਪੀਡਮੋਲਜਿਸਟ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਦੇ ਟੀਮ ਮੈਂਬਰ ਹਰਜੀਤ ਸਿੰਘ, ਕਵਲਜੀਤ ਸਿੰਘ ’ਤੇ ਤਜਿੰਦਰ ਸਿੰਘ ਸਹਾਇਕ ਮਲੇਰੀਆ ਅਫ਼ਸਰ ਦੀ ਅਗਵਾਈ ਵਿਚ ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਰਾਈ ਡੇ ਮਨਾਇਆ ਗਿਆ। ਇਸ ਦੇ ਨਾਲ ਧਿਆਨ ਵਿਚ ਰੱਖਦੇ ਹੋਏ ਸੈਂਟਰਲ ਜੇਲ੍ਹ, ਮਾਲ ਰੋਡ, ਮਾਡਲ ਟਾਊਨ, ਰੇਲਵੇ ਕੁਆਟਰ ਅਤੇ ਪੁਲਿਸ ਲਾਇਨ ਵਿਖੇ ਨਰਿੰਦਰ ਸ਼ਰਮਾ ਮਲਟੀਪਰਪਜ਼ ਹੈਲਥ ਵਰਕਰ ਵਲੋਂ ਸਾਥੀਆਂ ਨਾਲ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਵਲੋਂ ਹਾਜ਼ਰ ਲੋਕਾਂ ਨੂੰ ਡੇਂਗੂ ਲਾਰਵੇ ਅਤੇ ਬੁਖ਼ਾਰ ਬਾਰੇ ਜਾਣਕਾਰੀ ਦਿੱਤੀ ਗਈ। ਗੁਰਦੇਵ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਦੱਸਿਆ ਕਿ ਡੇਂਗੂ ਬਹੁਤ ਹੀ ਭਿਆਨਕ ਬਿਮਾਰੀ ਹੈ ਅਤੇ ਇਹ ਮਾਦਾ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ, ਜੋ ਆਮ ਤੌਰ ’ਤੇ ਦਿਨ ਸਮੇਂ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੱਛਰ ਆਮ ਤੌਰ ’ਤੇ ਸਾਫ਼ ’ਤੇ ਖੜ੍ਹੇ ਪਾਣੀ ਵਿਚ ਜਿਵੇਂ ਕਿ ਫ਼ਰਿਜ ਦੀਆਂ ਟਰੇਆਂ ਕੂਲਰਾਂ, ਪੰਛੀਆਂ ਦੇ ਕਟੋਰੇ, ਜਾਨਵਰਾਂ ਦੀਆਂ ਹੋਂਦੀਆ, ਗਮਲਿਆਂ ਦੀ ਟਰੇਅ, ਪੁਰਾਣੇ ਟਾਇਰ, ਕਬਾੜ, ਡਿਸਪੋਜ਼ਲ ਆਦਿ ਵਿਚ ਪਾਇਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਬੁਖ਼ਾਰ ਹੁੰਦਾ ਹੈ ਤਾਂ ਉਸ ਦੇ ਤੇਜ਼ ਸਿਰ ਦਰਦ ਅਤੇ ਬਹੁਤ ਜ਼ਿਆਦਾ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ’ਤੇ ਕਈ ਵਾਰ ਸਰੀਰ ’ਤੇ ਲਾਲ ਰੰਗ ਦੇ ਨਿੱਕੇ-ਨਿੱਕੇ ਦਾਣੇ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਮਰੀਜ਼ ਦੇ ਮਸੂੜ੍ਹਿਆਂ ਰਾਹੀਂ ਖ਼ੂਨ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ। ਜੇਕਰ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਉਸ ਦਾ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਡੇਂਗੂ ਤੋਂ ਬਚਣ ਲਈ ਆਪਣੇ ਆਲ਼ੇ ਦੁਆਲੇ ਸਾਫ਼ ਸਫ਼ਾਈ ਰੱਖਣ ਦੇ ਨਾਲ ਦਿਨ ਸਮੇਂ ਕੱਪੜੇ ਅਜਿਹੇ ਪਾਉਣੇ ਚਾਹੀਦੇ ਹਨ। ਜਿਸ ਨਾਲ ਪੂਰਾ ਸਰੀਰ ਕਵਰ ਹੋਵੇ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ’ਤੇ ਮੱਛਰ ਮਾਰੂ ਕਰੀਮਾਂ ’ਤੇ ਯੰਤਰ ਦੀ ਵਰਤੋਂ ਕਰਨੀ ਚਾਹੀਦੀ ਹੈ।