ਖੋਸਾ ਦਲ ਸਿੰਘ, 26 ਜੂਨ(ਮਨਪ੍ਰੀਤ ਸਿੰਘ ਸੰਧੂ)-ਜ਼ੀਰਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਹਲਕਾ ਜ਼ੀਰਾ ਦੇ ਪਿੰਡ ਜੋਈਆਂ ਵਾਲਾ ਦੇ ਵਿਦੇਸ਼ ਵਿਚ ਬੈਠੇ ਇਕ ਪਰਿਵਾਰ ਦੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ੳਜਾਗਰ ਕਰਦਿਆਂ ਦੋਸ਼ ਲਗਾਏ ਹਨ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਇਸ ਤਰ੍ਹਾਂ ਉਨ੍ਹਾਂ ਦੇ ਆਗੂ ਐਨ.ਆਰ.ਆਈ. ਪਰਿਵਾਰਾਂ ਨਾਲ ਠੱਗੀਆਂ ਮਾਰ ਰਹੇ ਹਨ। ਇਕ ਵੀਡੀਓ ਜਾਰੀ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹਲਕਾ ਜ਼ੀਰਾ ਦੇ ਪਿੰਡ ਜੋਈਆਂ ਵਾਲਾ ਦਾ ਰਹਿਣ ਵਾਲਾ ਬੇਅੰਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਦਾ ਲੀਡਰ ਹੈ, ਨੇ ਪਿੰਡ ਜੋਈਆਂਵਾਲਾ ਦੇ ਹੀ ਵਸਨੀਕ ਪਰਿਵਾਰ ਜੋ ਇਸ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ। ਉਨ੍ਹਾਂ ਦੀ ਜਮੀਨ ਜੀਤ ਕੌਰ, ਗੁਰਮੀਤ ਸਿੰਘ, ਹਰਜੀਤ ਕੌਰ, ਗੁਰਜੀਤ ਕੌਰ, ਜਸਬੀਰ ਕੌਰ ਅਤੇ ਸੁਖਪਾਲ ਕੌਰ ਦੇ ਨਾਅ ’ਤੇ ਸੀ ਦੀ ਫ਼ਰਜੀ ਮੁਖਤਿਆਰਨਾਮਾ ਬਣਾ ਕੇ ਪਹਿਲਾਂ ਰਜਿਸਟਰੀ ਕਰਵਾਈ ਅਤੇ ਫ਼ਿਰ ਇਸ ਜਮੀਨ ’ਤੇ ਲਿਮਟ ਬਣਾ ਕੇ ਕਰੋੜਾਂ ਦੀ ਠੱਗੀ ਮਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਪੰਚਾਇਤ ਅਤੇ ਉਕਤ ਪਰਿਵਾਰ ਦੇ ਰਿਸ਼ਤੇਦਾਰ ਡੀ.ਸੀ. ਫ਼ਿਰੋਜ਼ਪੁਰ ਨੂੰ ਮਿਲੇ ਤਾਂ ਉਨ੍ਹਾਂ ਵੀ ਸਾਫ਼ ਤੌਰ ’ਤੇ ਕਿਹਾ ਕਿ ਇਹ ਉਨ੍ਹਾਂ ਵਲੋਂ ਕੋਈ ਪਾਵਰ ਆਫ਼ ਅਟਾਰਨੀ ਜਾਰੀ ਨਹੀ ਕੀਤੀ ਗਈ ਇਹ ਸਭ ਫ਼ਰਜੀਵਾੜਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਹ ਬੇਅੰਤ ਸਿੰਘ ਜਿਹੇ ਕਈ ਆਗੂ ਜੋ ਸਰਕਾਰੀ ਸਰਪ੍ਰਸਤੀ ਲੈ ਕੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਸਰਕਾਰ ਨੂੰ ਇਨ੍ਹਾਂ ’ਤੇ ਨਕੇਲ ਕੱਸਣੀ ਚਾਹੀਦੀ ਹੈ। ਉਨ੍ਹਾਂ ਵਿਦੇਸ਼ਾਂ ਵਿਚ ਰਹਿੰਦੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਸੁਰੱਖਿਆ ਲਈ ਅੱਗੇ ਆਉਣ ਅਤੇ ਅਜਿਹੇ ਦੋਸ਼ੀਆਂ ਨੂੰ ਸਾਲਾਖਾਂ ਦੇ ਪਿੱਛੇ ਭੇਜਣ।