ਗੁਰੂਹਰਸਹਾਏ, 26 ਜੂਨ (ਹਰਚਰਨ ਸਿੰਘ ਸੰਧੂ)-ਜ਼ਿਲ੍ਹਾ ਕਪੂਰਥਲਾ ਵਿਚ ਦੁਨੀਆ ਭਰ ਦੇ ਕੰਬੋਜ ਭਾਈਚਾਰੇ ਦੇ ਸਹਿਯੋਗ ਨਾਲ 500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 32 ਏਕੜ ਰਕਬੇ ਵਿਚ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਬਣ ਰਹੀ ਆਧੁਨਿਕ ਸਹੂਲਤਾਂ ਵਾਲੀ ਸਕੀਲ ਯੂਨੀਵਰਸਿਟੀ ਦੇ ਐਕਟ (ਊਧਮ ਸਿੰਘ ਸ਼ਹੀਦ ਸਕੀਲ ਐਂਡ ਇੰਟਰਪਿਨਓਰਸ਼ਿਪ ਯੂਨੀਵਰਸਿਟੀ ਐਕਟ-2026) ਨੂੰ ਪਾਸ ਕਰਨ ਲਈ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਵੇ, ਤਾਂ ਜੋ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇਸ ਯੂਨੀਵਰਸਿਟੀ ਵਿਚ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਣ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਰਾਸ਼ਟਰੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ ਨੇ ਕਿਹਾ ਕਿ ਕੰਬੋਜ ਭਾਈਚਾਰੇ ਦੇ ਵਲੋਂ ਇਸ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਡਾ.ਸੰਦੀਪ ਕੌੜਾ ਦੀ ਅਗਵਾਈ ਹੇਠ ਇਸ ਯੂਨੀਵਰਸਿਟੀ ਸਬੰਧੀ ਨਾ ਸਿਰਫ਼ ਲੋੜੀਂਦੀ ਸਾਰੀ ਬਿਲਡਿੰਗ ਬਣਾ ਕੇ ਤਿਆਰ ਕੀਤੀ ਜਾ ਚੁੱਕੀ ਹੈ, ਸਗੋਂ ਇਸ ਯੂਨੀਵਰਸਿਟੀ ਸਬੰਧੀ ਸਾਰੀ ਕਾਗ਼ਜ਼ੀ ਕਾਰਵਾਈ ਵੀ ਮੁਕੰਮਲ ਕੀਤੀ ਜਾ ਚੁੱਕੀ ਹੈ। ਹਰਜਿੰਦਰ ਹਾਂਡਾ ਅਤੇ ਆਸ਼ੂਤੋਸ਼ ਕੰਬੋਜ ਨੇ ਕਿਹਾ ਇਸ ਯੂਨੀਵਰਸਿਟੀ ਨੂੰ ਚਲਾਉਣ ਲਈ 2 ਇੰਟਰਨੈਸ਼ਨਲ ਪੱਧਰ ਦੀਆਂ ਯੂਨੀਵਰਸਿਟੀਆਂ ਅਤੇ 2 ਮਲਟੀ ਨੈਸ਼ਨਲ ਕੰਪਨੀਆਂ ਸਹਿਯੋਗੀ ਪਾਰਟਨਰ ਵਜੋਂ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਬਣਨ ਨਾਲ ਗ਼ਰੀਬ ਅਤੇ ਮੱਧ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ, ਕਿਉਂਕਿ ਜਿੱਥੇ ਆਮ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ ਮੋਟੀਆਂ ਫ਼ੀਸਾਂ ਦੇਣੀਆਂ ਪੈਂਦੀਆਂ ਹਨ, ਉੱਥੇ ਹੀ ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਵਿਚ ਪੜਾਈ ਕਰਵਾਏਗੀ ਅਤੇ ਹੁਨਰ ਸਿਖਾਵਾਂਗੀ। ਹਰਜਿੰਦਰ ਹਾਂਡਾ ਅਤੇ ਆਸ਼ੂਤੋਸ਼ ਕੰਬੋਜ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਬਣਾਉਣ ਲਈ ਸਮੁੱਚਾ ਕੰਬੋਜ ਭਾਈਚਾਰਾ ਇੱਕਜੁੱਟ ਹੈਂ ਅਤੇ ਜੇਕਰ ਪੰਜਾਬ ਸਰਕਾਰ ਇਸ ਯੂਨੀਵਰਸਿਟੀ ਦੇ ਐਕਟ ਨੂੰ ਪਾਸ ਕਰ ਦਿੰਦੀ ਹੈ ਤਾਂ ਇਸ ਵਾਰ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਦੇ ਨਾਮ ਉੱਤੇ ਇਕ ਨਵੀਂ ਸਕੀਲ ਯੂਨੀਵਰਸਿਟੀ ਦਾ ਜਨਮ ਹੋਵੇਗਾ।