ਮੱਖੂ,28 ਜੂਨ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮੱਖੂ ਦੀ ਐਮਰਜੈਂਸੀ ਮੀਟਿੰਗ ਦਾਣਾ ਮੰਡੀ ਮੱਖੂ ਵਿਖੇ ਕੁਲਬੀਰ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਪੀਰ ਮੁਹੰਮਦ ਅਤੇ ਪ੍ਰਗਟ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਦੱਸਿਆ ਕਿ ਮੋਟਰਾਂ ਲਈ ਅੱਠ ਘੰਟਿਆਂ ਦੀ ਥਾਂ ਸਿਰਫ਼ 4-5 ਘੰਟੇ ਹੀ ਬਿਜਲੀ ਮਿਲ ਰਹੀ ਹੈ ਅਤੇ ਉਸ ਦੌਰਾਨ ਵੀ 10 ਤੋਂ 12 ਵਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਕਾਰਨ ਝੋਨੇ ਦੀ ਫ਼ਸਲ ਸੁੱਕਣ ਦੇ ਹਾਲਾਤ ਬਣ ਰਹੇ ਹਨ।ਆਗੂਆਂ ਨੇ ਕਿਹਾ ਕਿ ਡੀਜ਼ਲ, ਕੀਟਨਾਸ਼ਕ ਦਵਾਈਆਂ, ਸਪੇਅਰ ਪਾਰਟਸ ਅਤੇ ਹੋਰ ਖੇਤੀ ਨਾਲ ਸਬੰਧਤ ਸਮਾਨ ਦੀਆਂ ਵਧਦੀਆਂ ਕੀਮਤਾਂ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਬਿਜਲੀ ਦੀ ਘਾਟ ਕਾਰਨ ਉਨ੍ਹਾਂ ਨੂੰ ਮਜਬੂਰਨ ਜਨਰੇਟਰ ਚਲਾ ਕੇ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ। ਜਿਸ ਨਾਲ ਖੇਤੀ ਦਾ ਖ਼ਰਚ ਹੋਰ ਵੱਧ ਰਿਹਾ ਹੈ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੋਟਰਾਂ ਲਈ ਰੋਜ਼ਾਨਾ ਘੱਟੋ-ਘੱਟ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਪੰਜਾਬ ਪੱਧਰ ’ਤੇ ਵੱਡਾ ਸੰਘਰਸ਼ ਵਿੱਢੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਹੋਵੇਗੀ।ਇਸ ਮੌਕੇ ਬਲਵਿੰਦਰ ਸਿੰਘ ਮਰਾੜ, ਜਗਜੀਤ ਸਿੰਘ ਗੱਟਾ (ਇਕਾਈ ਪ੍ਰਧਾਨ ਗੱਟਾ ਬਾਦਸ਼ਾਹ), ਬੁੱਧ ਸਿੰਘ ਮਲੰਗ ਸ਼ਾਹ ਵਾਲਾ, ਰਸ਼ਪਾਲ ਸਿੰਘ ਭੁੱਲਰ, ਮਿਲਖਾ ਸਿੰਘ ਗੱਟਾ ਬਾਦਸ਼ਾਹ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਬਾਹਰਵਾਲੀ, ਲਛਮਣ ਸਿੰਘ ਅਮੀਵਾਲਾ, ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।