ਫ਼ਿਰੋਜ਼ਪੁਰ, 28 ਜੂਨ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜਨ ਕੌਂਸਲ ਰਜ਼ਿ. ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮਹੀਨੇਵਾਰ ਬੈਠਕ ਪ੍ਰਧਾਨ ਪੀ.ਡੀ ਸ਼ਰਮਾ ਦੀ ਅਗਵਾਈ ਵਿਚ ਹੋਈ। ਜਿਸ ਦੌਰਾਨ ਕੋਂਸਲ ਦੇ ਕੁਝ ਮੈਂਬਰਾਂ ਦੇ ਜਨਮ ਦਿਨ ਧੂਮਧਾਮ ਨਾਲ ਮਨਾਏ ਗਏ। ਇਸ ਮੌਕੇ ’ਤੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਬਜ਼ੁਰਗਾਂ ਨੂੰ ਰੇਲ ਤੇ ਸਫਰ ਕਰਨ ਅਤੇ ਸਟੇਸ਼ਨਾਂ ’ਤੇ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕੌਂਸਲ ਦੇ ਪ੍ਰਧਾਨ ਪੀ.ਡੀ ਸ਼ਰਮਾ ਨੇ ਦੱਸਿਆ ਕਿ ਜਦੋਂ ਕਦੇ ਵੀ ਬਜ਼ੁਰਗਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਰੇਲਵੇ ਤੇ ਸਫਰ ਕਰਨਾ ਪੈਂਦਾ ਹੈ ਤਾਂ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਤੋਂ ਗੱਡੀ ਤੇ ਚੜਣ ਲਈ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੇ ਜਾਣਾ ਬਹੁਤ ਹੀ ਦੁਖਦਾਈ ਹੋ ਜਾਂਦਾ ਹੈ ਕਿਉਂਕਿ ਬਜ਼ੁਰਗਾਂ ਲਈ ਪੌੜੀਆਂ ਚੜਨਾ ਕਿਸੇ ਮੁਸੀਬਤ ਤੋਂ ਘੱਟ ਨਹੀਂ। ਇਸ ਸਬੰਧੀ ਕੌਂਸਲ ਦੇ ਸੀਨੀਅਰ ਅਹੁਦੇਦਾਰ ਸਵਰਨ ਸਿੰਘ ਅਤੇ ਮੱਖਣ ਲਾਲ ਵਲੋਂ ਸੁਝਾਓ ਰੱਖਿਆ ਗਿਆ ਕਿ ਸਾਨੂੰ ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਡੀ.ਆਰ.ਐੱਮ ਨੂੰ ਮਿਲਕੇ ਮੰਗ ਪੱਤਰ ਦੇਣਾ ਚਾਹੀਦਾ ਹੈ ਤੇ ਮੰਗ ਕੀਤੀ ਜਾਵੇ ਕਿ ਫ਼ਿਰੋਜਪੁਰ ਕੈਂਟ ਰੇਲਵੇ ਸਟੇਸ਼ਨ ਤੇ ਜਲਦੀ ਤੋਂ ਜਲਦੀ ‘‘ਚਲਦੀ ਪੌੜੀ’’ ਅਤੇ ‘‘ਲਿਫਟ’’ ਲਗਾਈ ਜਾਵੇ ਤਾਂ ਜੋ ਬਜ਼ੁਰਗਾਂ ਨੂੰ ਰੇਲ ਤੇ ਸਫਰ ਕਰਨ ਦੇ ਸਮੇਂ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੇ ਜਾਣ ’ਚ ਮੁਸ਼ਕਲ ਨਾ ਆਵੇ। ਇਸ ਮੌਕੇ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਸਿਟੀਜਨ ਮੈਂਬਰਾਂ ਵਿਚੋਂ ਇਕ ਲੱਕੀ ਡਰਾਅ ਕੱਢਿਆ ਗਿਆ ਅਤੇ ਜੇਤੂਆਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸ ਹਰੀਦੇਵ, ਰਾਧੇ ਮੋਹਨ, ਅਵਤਾਰ ਸਿੰਘ, ਹਰੀ ਚੰਦ ਚੋਪੜਾ, ਸ਼ਿਵ ਦਰਸ਼ਨ, ਅਵਤਾਰ ਸਿੰਘ ਚੀਫ ਕੰਟਰੋਲਰ, ਪ੍ਰੇਮ ਕੁਮਾਰ, ਮਹਿੰਦਰ ਪਾਲ ਬਜਾਜ, ਰਵਿੰਦਰ ਸ਼ਰਮਾ, ਗੁਰਦਿਆਲ ਸਿੰਘ ਵਿਰਕ, ਜਤਿੰਦਰ ਨਿਸ਼ਚਲ ਆਦਿ ਹਾਜ਼ਰ ਸਨ।