ਖੋਸਾ ਦਲ ਸਿੰਘ, 28 ਜੂਨ(ਮਨਪ੍ਰੀਤ ਸਿੰਘ ਸੰਧੂ)- ਖੇਤਾਂ ਨੂੰ ਮਿਲਣ ਵਾਲੀ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਭਾਕਿਯੂ ਕਾਦੀਆਂ ਨੇ ਸਰਕਾਰ ਦੀ ਕਰੜ੍ਹੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਜ਼ੀਰਾ ਤੋਂ ਫਿਰੋਜ਼ਪੁਰ ਰੋਡ ’ਤੇ ਮਰਖਾਈ ਕੋਲ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਸਰਕਾਰ ਦੀ ਕਰੜ੍ਹੇ ਸ਼ਬਦਾਂ ਵਿਚ ਨਿੰਦਾਂ ਕਰਦਿਆਂ ਆਗੂਆਂ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲੇ ਦੱਸਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਸੂਬਾ ਕਮੇਟੀ ਮੈਂਬਰ, ਹਰਦਿਆਲ ਸਿੰਘ ਸੂਬਾ ਮੀਤ ਪ੍ਰਧਾਨ ਭਾਕਿਯੂ ਲੱਖੋਵਾਲ, ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਲੱਖੋਵਾਲ,ਕੁਲਵਿੰਦਰ ਸਿੰਘ, ਸੁਖਚੈਨ ਸਿੰਘ ਪ੍ਰਧਾਨ, ਮਨਵੀਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਭੂਪਿੰਦਰ ਸਿੰਘ, ਗੁਰਤੇਜ ਸਿੰਘ, ਰਿਸਾ ਸਿੰਘ, ਗੁਰਦਾਸ ਸਿੰਘ, ਰਾਜਾ ਸਿੰਘ ਮੀਂਹਾ ਸਿੰਘ ਵਾਲਾ, ਗੁਲਜਾਰ ਸਿੰਘ ਸਰਪੰਚ, ਭੂਪਿੰਰ ਸਿੰਘ ਖੋਸਾ ਦਲ ਸਿੰਘ, ਬੱਬੂ ਮਰਖਾਈ, ਮਨਦੀਪ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਵਲਟੋਹਾ, ਮਹਿਲ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਢਿੱਲੋਂ, ਸੁਖਜੀਤ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ ਮੀਂਹਾ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਵਾਲੀ ਬਿਜਲੀ ਲਗਾਤਾਰ ਕੱਟ-ਕੱਟ ਕੇ ਆ ਰਹੀ ਹੈ। ਕਿਸਾਨਾਂ ਵਲੋਂ ਸਰਕਾਰ ਦੇ ਕਹਿਣ ’ਤੇ ਝੋਨੇ ਦੀ ਬੀਜਾਈ ਸਮੇਂ ਮੁਤਾਬਿਕ ਕੀਤੀ ਗਈ ਹੈ, ਪਰ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਕਿਸਾਨਾਂ ਵਲੋਂ ਮਸ਼ਕੱਤ ਨਾਲ ਲਗਾਇਆ ਗਿਆ ਝੋਨਾ ਸੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜ੍ਹੀ ਮੁਸ਼ਕਲ ਨਾਲ 8 ਘੰਟੇ ਨਿਰਵਿਘਨ ਸਪਲਾਈ ਦੇ ਨਾਂਅ ’ਤੇ ਦੋ ਦੋ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਦੇ ਝੋਨੇ ਦਾ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਬਿਜਲੀ ਸਬੰਧੀ ਸਥਾਨਕ ਪਾਵਰ ਕਾਮ ਦੇ ਕਰਮਚਾਰੀਆਂ ਨਾਲ ਰਾਬਤਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਉਪਰੋਂ ਮੁੱਖ ਦਫ਼ਤਰ ਤੋਂ ਹਦਾਇਤਾਂ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਟਾਲਿਆ ਜਾ ਰਿਹਾ ਹੈ। ਜਿਸ ਕਾਰਨ ਮਜ਼ਬੂਰੀਵੱਸ ਅੱਜ ਅਸੀਂ ਧਰਨਾ ਮਾਰਨ ਲਈ ਮਜ਼ਬੂਰ ਹਾਂ। ਧਰਨੇ ਦੀ ਸੂਚਨਾਂ ਮਿਲਣ ਤੋਂ ਬਾਅਦ ਐਸ.ਡੀ.ਓ. ਰਾਜਿੰਦਰ ਸਿੰਘ ਮੌਕੇ ’ਤੇ ਪੁੱਜੇ, ਉਨ੍ਹਾਂ ਉੱਚ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਕਰਵਾਈ ਅਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਤਾਂ ਸੰਯੂਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਵੱਡਾ ਸੰਘਰਸ਼ ਉਲਕਿਆ ਜਾਵੇਗਾ।