ਮਮਦੋਟ, 1 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਖੇਤੀ ਸੈਕਟਰ ਅਤੇ ਘਰੇਲੂ ਬਿਜਲੀ ਸਪਲਾਈ ਦੇ ਬਹੁਤ ਮੰਦੇ ਹਾਲ ਚੱਲ ਰਹੇ ਹਨ। ਝੋਨੇ ਦੇ ਸੀਜ਼ਨ ਦੌਰਾਨ ਹਰ ਸਾਲ ਦੀ ਤਰ੍ਹਾਂ ਖੇਤੀ ਸੈਕਟਰ ਲਈ ਐਲਾਨੀ ਗਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ 4-5 ਘੰਟੇ ਤੱਕ ਸਿਮਟ ਕੇ ਰਹਿ ਗਈ ਹੈ। ਹਾਲਾਤ ਇਹ ਹਨ ਕਿ ਬਿਜਲੀ ਸਪਲਾਈ ਚੱਲਣ ਤੋਂ ਬਾਅਦ ਡੇਢ-ਦੋ ਘੰਟੇ ਦਾ ਕੱਟ ਲੱਗ ਜਾਂਦਾ ਹੈ। ਜਿਸ ਨਾਲ 2 ਘੰਟੇ ਵਿਚ ਖੇਤ ਵਿਚ ਜਿੱਥੇ ਪਾਣੀ ਪਹੁੰਚਿਆਂ ਹੁੰਦਾ ਹੈ। ਕੱਟ ਦੌਰਾਨ ਉੱਥੇ ਹੀ ਸੁੱਕ ਜਾਂਦਾ ਹੈ ’ਤੇ ਫਿਰ ਸਪਲਾਈ ਚੱਲਣ ਤੋਂ ਬਾਅਦ ਜਦੋਂ ਉਸੇ ਥਾਂ ਪਾਣੀ ਪਹੁੰਚਦਾ ਹੈ ਤਾਂ ਫਿਰ ਕੱਟ ਲੱਗ ਜਾਂਦਾ ਹੈ। ਇਸ ਤਰ੍ਹਾਂ ਅਣ-ਐਲਾਨੇ ਕੱਟਾਂ ਕਾਰਨ ਜਿੱਥੇ ਕਿਸਾਨਾਂ ਵਲੋਂ ਕਾਸ਼ਤ ਕੀਤੀ ਝੋਨੇ ਦੀ ਫ਼ਸਲ ਸੋਕੇ ਦੀ ਮਾਰ ਹੇਠ ਹੈ, ਉੱਥੇ ਅਗਲੇ ਖੇਤਾਂ ਵਿਚ ਝੋਨੇ ਦੀ ਬਿਜਾਈ ਨੂੰ ਬਰੇਕਾਂ ਲੱਗ ਗਈਆਂ ਹਨ। ਅਗਲੇ ਖੇਤਾਂ ਵਿਚ ਝੋਨੇ ਦੀ ਬਿਜਾਈ ਲਈ ਕਿਸਾਨਾਂ ਦੀ ਟੇਕ ਹੁਣ ਰੱਬ ਦੀ ਮਿਹਰ ’ਤੇ ਲੱਗੀ ਹੋਈ ਹੈ ਕਿ ਕਦੋਂ ਮੀਂਹ ਪਵੇ ’ਤੇ ਉਨ੍ਹਾਂ ਦੀ ਝੋਨੇ ਦੀ ਬਕਾਇਆ ਪਈ ਲਵਾਈ ਮੁਕੰਮਲ ਹੋ ਸਕੇ। ਅਜਿਹਾ ਹੀ ਹਾਲ ਘਰੇਲੂ ਬਿਜਲੀ ਸਪਲਾਈ ਦਾ ਹੈ। ਘਰੇਲੂ ਬਿਜਲੀ ਸਪਲਾਈ ਵਿਚ ਵੀ ਲੋਕਾਂ ਨੂੰਲੰਮੇ-ਲੰਮੇ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਪਰੋਂ ਅੱਤ ਦੀ ਪੈ ਰਹੀ ਗਰਮੀ ਅਤੇ ਮੱਖੀਆਂ-ਮੱਛਰ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਪੂਰੀ-ਪੂਰੀ ਰਾਤ ਜਾਗ ਕੇ ਕੱਟਣੀ ਪੈ ਰਹੀ ਹੈ। ਇਸ ਇਲਾਕੇ ਵਿਚ ਆਉਦੇਂ ਬਿਜਲੀ ਗਰਿੱਡਾਂ ਹਾਮਿਦ ਅਤੇ ਰਾਉ ਕੇ ਹਿਠਾੜ ਸਮੇਤ ਗੁਰੂਹਰਸਹਾਏ ਜਿਨ੍ਹਾਂ ਨੂੰ 132 ਕੇ.ਵੀ.ਸਟੇਸ਼ਨ ਸਾਦਿਕ ਤੋਂ ਬਿਜਲੀ ਸਪਲਾਈ ਜੁੜੀ ਹੋਈ ਹੈ। ਉਸ ਟਾਵਰ ਲਾਈਨ ਦੇ ਨੁਕਸ ਆਉਣ ਕਾਰਨ ਪਿਛਲੇ 24-28 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਪਈ ਹੈ। ਜਿਸ ਕਾਰਨ ਇਨਵਰਟਰ ਬੈਟਰੀ ਵੀ ਬੰਦ ਹੋ ਗਏ ਹਨ। ਮੋਟਰਾਂ ਨਾ ਚੱਲਣ ਕਾਰਨ ਘਰੇਲੂ ਟੈਂਕਿਆਂ ਵਿਚੋਂ ਪਾਣੀ ਖ਼ਤਮ ਹੋ ਗਿਆ ਹੈ। ਲੋਕ ਨਹਾਉਣ ਅਤੇ ਪੀਣ ਵਾਲੇ ਪਾਣੀ ਤੋਂ ਵੀ ਔਖੇ ਹੋ ਗਏ ਹਨ। ਉੱਪਰੋਂ ਬਿਜਲੀ ਵਿਭਾਗ ਜਿਸ ਵਲੋਂ 24-24 ਵਿਚ ਵੀ ਲਾਈਨਾਂ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ,ਉਸ ਦਾ ਵੀ ਰੱਬ ਹੀ ਰਾਖਾ ਹੈ। ਪਿਛਲੇ ਇਕ ਹਫ਼ਤੇ ਤੋਂ ਲੱਗ ਰਹੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਤੋਂ ਦੁਖੀ ਆਮ ਲੋਕਾਂ ਨੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ।