ਫ਼ਿਰੋਜ਼ਪੁਰ,1 ਜੁਲਾਈ (ਸੁਖਵਿੰਦਰ ਸਿੰਘ)- ਸ਼ਹਿਰ ਦੀ ਬੇਦੀ ਕਾਲੋਨੀ ਵਿਚ ਵੋਟਰ ਸੂਚੀ ਨਾਲ ਸਬੰਧਤ ਘਰ-ਘਰ ਚੱਲ ਰਹੀ ਪ੍ਰਕਿਰਿਆ ਦੌਰਾਨ ਬੀ.ਐਲ.ਓ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਥਾਨਕ ਮਹਿਲਾਵਾਂ ਨੇ ਗੰਭੀਰ ਇਤਰਾਜ਼ ਜਤਾਇਆ ਹੈ। ਮਹਿਲਾਵਾਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਭੇਜੇ ਗਏ ਬੀ.ਐਲ.ਓ ਨੇ ਫਾਰਮ ਤਾਂ ਦੇ ਦਿੱਤੇ, ਪਰ ਉਨ੍ਹਾਂ ਨੂੰ ਇਹ ਨਹੀਂ ਸਮਝਾਇਆ ਕਿ ਫਾਰਮ ਕਿਸ ਤਰ੍ਹਾਂ ਭਰਨੇ ਹਨ। ਹਰਜੀਤ ਕੌਰ ਨੇ ਦੱਸਿਆ ਕਿ ਫਾਰਮ ਵਿਚ ਮਾਤਾ-ਪਿਤਾ ਦੇ ਨਾਮ ਅਤੇ ਉਨ੍ਹਾਂ ਦੇ ਵੋਟਰ ਕਾਰਡ ਨੰਬਰ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਮਾਤਾ-ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਜਾਂ ਉਨ੍ਹਾਂ ਦੇ ਵੋਟਰ ਨੰਬਰ ਉਪਲਬਧ ਨਹੀਂ, ਉਹ ਇਹ ਜਾਣਕਾਰੀ ਕਿੱਥੋਂ ਲੈ ਕੇ ਆਉਣ। ਉਨ੍ਹਾਂ ਦਾ ਕਹਿਣਾ ਹੈ ਕਿ ਬੀ.ਐਲ.ਓ ਨੂੰ ਫਾਰਮ ਦੇਣ ਦੇ ਨਾਲ-ਨਾਲ ਲੋਕਾਂ ਨੂੰ ਪੂਰੀ ਜਾਣਕਾਰੀ ਵੀ ਦੇਣੀ ਚਾਹੀਦੀ ਸੀ ਤਾਂ ਜੋ ਕਿਸੇ ਨੂੰ ਦਿੱਕਤ ਨਾ ਆਵੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੰਬੰਧਤ ਬੀ.ਐਲ.ਓ ਦੀ ਤਬਦੀਲੀ ਕੀਤੀ ਜਾਵੇ ਅਤੇ ਲੋਕਾਂ ਦੀ ਸਹਾਇਤਾ ਕਰਨ ਵਾਲੇ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ। ਇਸ ਮੌਕੇ ਹਰਪ੍ਰੀਤ ਕੌਰ, ਕਮਲਜੀਤ ਕੌਰ ਅਨੂ ਸ਼ਰਮਾ, ਮੰਜੂ ਰਾਣੀ, ਸੀਤਾ ਰਾਣੀ, ਮੁਖਤਿਆਰ ਕੌਰ, ਹਰਭਜਨ ਕੌਰ ਆਦਿ ਮਹਿਲਾਵਾਂ ਹਾਜ਼ਰ ਸਨ। ਐਮ.ਸੀ ਦਵਿੰਦਰ ਸਿੰਘ ਪਹਿਲਵਾਨ ਦੀ ਧਰਮ ਪਤਨੀ ਵੰਦਨਾ ਨੇ ਵੋਟ ਬਣਾਉਣ ਦੀ ਪ੍ਰਕਿਰਿਆ ਦੌਰਾਨ ਤਾਇਨਾਤ ਬੀ.ਐਲ.ਓ ਲਵਕੇਸ਼ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਵੋਟਾਂ ਸਬੰਧੀ ਜਾਣਕਾਰੀ ਲਈ ਫੋਨ ਕੀਤਾ ਜਾਂਦਾ ਹੈ ਤਾਂ ਬੀ.ਐਲ.ਓ ਲੋਕਾਂ ਨਾਲ ਬਹੁਤ ਹੀ ਬਦਤਮੀਜ਼ੀ ਨਾਲ ਗੱਲ ਕਰਦਾ ਹੈ। ਇਸ ਕਾਰਨ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੰਦਨਾ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਦਾ ਵਿਵਹਾਰ ਲੋਕਾਂ ਪ੍ਰਤੀ ਨਿਮਰ ਅਤੇ ਸਹਿਯੋਗੀ ਹੋਣਾ ਚਾਹੀਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਸੰਬੰਧਤ ਬੀ.ਐਲ.ਓ ਦੀ ਤਬਦੀਲੀ ਕਰਕੇ ਉਸ ਦੀ ਥਾਂ ਲੋਕਾਂ ਦੀ ਗੱਲ ਸੁਣਨ ਵਾਲੇ ਅਤੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਵਾਲੇ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਵੰਦਨਾ ਨੇ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੂੰ ਅਪੀਲ ਕਰਦਿਆ ਕਿਹਾ ਕਿ ਇਕ ਮਹਿਲਾ ਹੋਣ ਦੇ ਨਾਤੇ ਉਹ ਮਹਿਲਾਵਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਵਿਚ ਇਨਸਾਫ ਮਿਲੇਗਾ। ਵੰਦਨਾਂ ਨੇ ਇਹ ਵੀ ਕਿਹਾ ਕਿ ਬੀ.ਐਲ.ਓ ਨੇ ਮਹਿਲਾਵਾਂ ਨੂੰ ਕਿਹਾ ਕਿ ਜੇਕਰ ਤੁਸੀਂ ਸ਼ਿਕਾਇਤ ਕਰਨੀ ਹੈ ਤਾਂ ਕਰ ਦਿਓ। ਉਨ੍ਹਾਂ ਨੇ ਬੀ.ਐਲ.ਓ ਦੀ ਤਬਦੀਲੀ ਸਬੰਧੀ ਐਸ.ਡੀ.ਐਮ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਬੀ.ਐਲ.ਓ ਲਵਕੇਸ਼ ਨੇ ਕਿਹਾ ਹੈ ਕਿ ਮਹਿਲਾਵਾਂ ਨੇ ਨਵੀਆਂ ਵੋਟਾਂ ਬਾਰੇ ਗੱਲ ਕੀਤੀ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ 26 ਤੋਂ ਬਾਅਦ ਬਣਨੀਆਂ ਹਨ ।