ਮੱਖੂ, 1 ਜੁਲਾਈ (ਵਰਿੰਦਰ ਮਨਚੰਦਾ)-ਕਸਬਾ ਮੱਖੂ ਵਿਚ ਗੰਦੇ ਪਾਣੀ ਦੀ ਨਿਕਾਸੀ ਵਾਲੇ ਸੇਮ-ਨਾਲ਼ੇ ’ਚ ਇਸ ਸਮੇਂ ਬੂਟੀ ਅਤੇ ਸਰਕਾਨਿਆਂ ਨੇ ਅਜਿਹਾ ਰੂਪ ਧਾਰਨ ਕੀਤਾ ਹੋਇਆ ਹੈ ਕਿ ਕੋਲੋਂ ਨਿਕਲਦੀ ਸੜਕ ’ਤੇ ਜਾਣ ਵਾਲੇ ਰਾਹਗੀਰ ਨੂੰ ਦਿਨ ਅਤੇ ਰਾਤ ਸਮੇਂ ਜੰਗਲ ਦਾ ਭੁਲੇਖਾ ਪੈਂਦਾ ਹੈ। ਇਸ ਸੇਮ-ਨਾਲ਼ੇ ’ਚ ਗੰਦਗੀ ਏਨੀ ਕੁ ਜ਼ਿਆਦਾ ਹੋਈ ਪਈ ਹੈ ਕਿ ਦੂਰ-ਦੂਰ ਤੱਕ ਫੈਲ ਰਹੇ ਗੰਦੇ ਮੁਸ਼ਕ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸੇਮ-ਨਾਲ਼ੇ ’ਚ ਪਾਣੀ ਦਾ ਵਹਾਅ ਨਾ ਹੋਣ ਕਾਰਨ ਇਸ ਵਿਚਲਾ ਪਾਣੀ ਬਦਬੂ ਫੈਲਾ ਰਿਹਾ ਹੈ ਅਤੇ ਥਾਂ-ਥਾਂ ਲੱਗੇ ਕੂੜੇ-ਕਰਕਟ ਦੇ ਢੇਰ ਵੱਡੀ ਮਾਤਰਾ ’ਚ ਮੱਛਰ, ਮੱਖੀਆਂ ਪੈਦਾ ਕਰ ਰਹੇ ਹਨ, ਜੋ ਅਨੇਕਾਂ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਡਰੇਨਜ਼ ਵਿਭਾਗ ਵਲੋਂ ਪਿਛਲੇ 2 ਸਾਲਾਂ ਤੋਂ ਸਿਰਫ਼ ਖਾਨਾਪੂਰਤੀ ਲਈ ਹੀ ਇਸ ਸੇਮ-ਨਾਲ਼ੇ ਦੀ ਸਫ਼ਾਈ ਕਰਵਾਈ ਜਾ ਰਹੀ ਹੈ ’ਤੇ ਇਸ ਦੀ ਗਾਰ ਨੂੰ ਸੇਮ-ਨਾਲ਼ੇ ਦੀ ਕਿਨਾਰੇ ’ਤੇ ਹੀ ਸੁੱਟ ਦਿੱਤਾ ਜਾਂਦਾ ਹੈ, ਜੋ ਫਿਰ ਬਾਰਸ਼ਾਂ ਦੇ ਪਾਣੀ ਕਾਰਨ ਰੁੜ੍ਹ ਕੇ ਚਲੀ ਜਾਂਦੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਆਗੂ ਲਖਵਿੰਦਰ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਕਸਬੇ ਅੰਦਰ ਹਲਕੀ ਬਾਰਸ਼ ਹੋਣ ਦੇ ਬਾਵਜੂਦ ਇਹ ਸੇਮ-ਨਾਲ਼ਾ ਪੂਰੀ ਤਰ੍ਹਾਂ ਭਰ ਜਾਂਦਾ ਹੈ ਅਤੇ ਪਾਣੀ ਦੀ ਨਿਕਾਸੀ ਬਾਜ਼ਾਰਾਂ ’ਚੋਂ ਨਾ ਹੋਣ ਕਾਰਨ ਪਾਣੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਿਤ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਬਾਰਸ਼ਾਂ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਇਸ ਵਾਰ ਸੇਮ-ਨਾਲ਼ੇ ਦੀ ਸਫ਼ਾਈ ਕਿਸੇ ਉੱਚ ਅਧਿਕਾਰੀ ਦੀ ਨਿਗਰਾਨੀ ਹੇਠ ਹੀ ਕਰਵਾਈ ਜਾਵੇ ਅਤੇ ਜਮ੍ਹਾਂ ਹੋਈ ਗਾਰ ਨੂੰ ਬਾਹਰ ਕੱਢ ਕੇ ਕਿਸੇ ਹੋਰ ਢੁਕਵੀਂ ਜਗ੍ਹਾ ’ਤੇ ਸੁਟਵਾਈ ਜਾਵੇ ਤਾਂ ਜੋ ਬਾਰਿਸ਼ਾਂ ਦੇ ਪਾਣੀ ਦਾ ਸਹੀ ਢੰਗ ਨਾਲ ਨਿਕਾਸ ਹੋ ਸਕੇ।