ਫ਼ਿਰੋਜ਼ਪੁਰ, 1 ਜੁਲਾਈ (ਰਾਕੇਸ਼ ਚਾਵਲਾ)-ਪਿਛਲੇ ਦਿਨੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਜ਼ ਕਲੱਬ ਗ੍ਰੇਟਰ ਦੀਆਂ ਚੋਣਾਂ ਕਰਵਾਈਆਂ ਗਈਆਂ, ਜਿਸ ਵਿਚ ਚੇਅਰਮੈਨ ਬਿੱਟੂ ਸਾਂਘਾ ਅਤੇ ਈ.ਸੀ ਮੈਂਬਰਾਂ ਵਲੋਂ ਪ੍ਰਧਾਨਗੀ ਲਈ ਨਿਰਮੋਲਕ ਸਿੰਘ ਦਾ ਨਾਂਅ ਪੇਸ਼ ਕੀਤਾ ਗਿਆ। ਜਿਸ ’ਤੇ ਸਾਰੇ ਲਾਇਨਜ਼ ਕਲੱਬ ਮੈਂਬਰਾਂ ਨੇ ਆਪਣੀ ਮੋਹਰ ਲਗਾ ਦਿੱਤੀ। ਬੀਤੇ ਦਿਨ ਨਿਰਮੋਲਕ ਸਿੰਘ ਮਿੰਟੂ ਕਿੰਗ ਨੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਖ਼ਾਲਸਾ ਗੁਰਦੁਆਰਾ, ਫ਼ਿਰੋਜ਼ਪੁਰ ਛਾਉਣੀ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਨਿਯੁਕਤ ਪ੍ਰਧਾਨ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਲਾਇਨਜ਼ ਕਲੱਬ ਦੇ ਸਕੱਤਰ ਲਾਇਨ ਵਿਨੋਦ ਅਗਰਵਾਲ ਨੇ ਦੱਸਿਆ ਕਿ ਲਾਇਨਜ਼ ਕਲੱਬ ਵਿਸ਼ਵ ਦੀ ਸਭ ਤੋਂ ਵੱਡੀ ਐਨ.ਜੀ.ਓ. ਹੈ, ਜੋ ਸਮੇਂ-ਸਮੇਂ ’ਤੇ ਲੋਕਾਂ ਦੇ ਹਿਤਾਂ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ ਲੋੜ ਪੈਣ ’ਤੇ ਅਤੇ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਇਹ ਸੰਸਥਾ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਵਿਸ਼ਵ ਦੀ ਸਰਬੋਤਮ ਐਨ.ਜੀ.ਓ. ਵਿਚ ਇਸ ਦਾ ਨਾਮ ਆਉਂਦਾ ਹੈ। ਇਸ ਮੌਕੇ ਲਾਇਨ ਕੈਸ਼ੀਅਰ ਅਵਤਾਰ ਬਾਂਸਲ, ਪੀ.ਆਰ.ਓ. ਇਕਬਾਲ ਸਿੰਘ ਛਾਬੜਾ, ਲਾਇਨ ਅਮਰਜੀਤ ਸਿੰਘ ਭੋਗਲ, ਲਾਇਨ ਹਰਜਿੰਦਰ ਸਿੰਘ ਬਿੱਟੂ ਸਾਂਘਾ, ਲਾਇਨ ਅਸ਼ਵਨੀ ਕੁਮਾਰ, ਲਾਇਨ ਸੁਸ਼ੀਲ ਗੁਪਤਾ, ਲਾਇਨ ਪੰਕਜ ਜੱਸਲ, ਲਾਇਨ ਆਰ.ਪੀ. ਗੋਇਲ, ਲਾਇਨ ਸੁਮੇਸ਼ ਗੁੰਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।