ਫ਼ਾਜ਼ਿਲਕਾ, 6 ਜੁਲਾਈ (ਦਵਿੰਦਰ ਪਾਲ ਸਿੰਘ)-ਵਿਸ਼ਵ ਜ਼ੂਨੋਸਿਸ ਦਿਵਸ ਦੇ ਮੌਕੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ ਵਿਖੇ ਸਿਹਤ ਵਿਭਾਗ ਅਤੇ ਪਸ਼ੂ ਪਾਲਨ ਵਿਭਾਗ ਵਲੋਂ ਸਾਂਝੇ ਤੌਰ ’ਤੇ ਇਕ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਬਿਮਾਰੀਆਂ ਬਾਰੇ ਜਾਣਕਾਰੀ ਦੇਣਾ ਸੀ ਜੋ ਪਸ਼ੂਆਂ ਤੋਂ ਮਨੁੱਖਾਂ ਵਿਚ ਫੈਲਦੀਆਂ ਹਨ ਅਤੇ ਉਨ੍ਹਾਂ ਤੋਂ ਬਚਾਅ ਦੇ ਉਪਾਅ ਸਮਝਾਉਣਾ ਸੀ। ਪ੍ਰੋਗਰਾਮ ਦੌਰਾਨ ਸਿਹਤ ਵਿਭਾਗ ਦੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਸੁਨੀਤਾ ਕੰਬੋਜ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ੂਨੋਟਿਕ ਬਿਮਾਰੀਆਂ ਜਿਵੇਂ ਕਿ ਰੇਬੀਜ਼, ਬਰੂਸੇਲੋਸਿਸ, ਲੈਪਟੋਸਪਾਇਰੋਸਿਸ ਅਤੇ ਬਰਡ ਫਲੂ ਆਦਿ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਾਲਤੂ ਅਤੇ ਜੰਗਲੀ ਜਾਨਵਰਾਂ ਦੇ ਸੰਪਰਕ ਵਿਚ ਆਉਣ ਸਮੇਂ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਅਤੇ ਸਮੇਂ-ਸਮੇਂ ’ਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਪਸ਼ੂ ਪਾਲਨ ਵਿਭਾਗ ਦੇ ਵੈਟਰਨਰੀ ਡਾਕਟਰ ਲਵਪ੍ਰੀਤ ਸਿੰਘ ਨੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਪਸ਼ੂਆਂ ਦੀ ਸਹੀ ਦੇਖਭਾਲ, ਸਾਫ਼-ਸਫ਼ਾਈ ਅਤੇ ਉਨ੍ਹਾਂ ਦੀ ਸਿਹਤ ਦੀ ਨਿਯਮਤ ਜਾਂਚ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਸ਼ੂ ਵਿਚ ਕੋਈ ਵੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਪਸ਼ੂ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਮਾਸ ਮੀਡੀਆ ਬਰਾਂਚ ਤੋਂ ਮਨਵੀਰ ਸਿੰਘ ਅਤੇ ਦਿਵੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਮਹੱਤਤਾ, ਸਾਫ਼ ਪਾਣੀ ਦੀ ਵਰਤੋਂ ਅਤੇ ਸਫ਼ਾਈ ਸਬੰਧੀ ਹੋਰ ਜ਼ਰੂਰੀ ਨੁਕਤੇ ਸਾਂਝੇ ਕੀਤੇ। ਸਕੂਲ ਦੇ ਪ੍ਰਿੰਸੀਪਲ ਮਨੋਜ ਸ਼ਰਮਾ ਨੇ ਸਿਹਤ ਅਤੇ ਪਸ਼ੂ ਪਾਲਨ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ। ਅਖੀਰ ਵਿਚ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ। ਇਸ ਮੌਕੇ ਮਾਸ ਮੀਡੀਆ ਟੀਮ ਦੇ ਨਾਲ ਸਕੂਲ ਦੇ ਅਧਿਆਪਕ ਅਤੇ ਅਤਿੰਦਰ ਪਾਲ ਸਿੰਘ ਹਾਜ਼ਰ ਸਨ।