ਮਹਿਮਾ ਸਰਜਾ, 21 ਜੂਨ (ਬਲਦੇਵ ਸੰਧੂ)- ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਆਪਣੇ ਚਰਮ ‘ਤੇ ਪਹੁੰਚ ਗਈ ਹੈ। ਬਠਿੰਡਾ, ਮਾਨਸਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਖੇਤਾਂ ਵਿਚ ਸਵੇਰ ਤੋਂ ਸ਼ਾਮ ਤੱਕ ਲਵਾਈ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਇਕ ਪਾਸੇ ਅੰਨਦਾਤਾ ਸਮੇਂ ਸਿਰ ਫ਼ਸਲ ਲਗਾਉਣ ਲਈ ਜੁਟਿਆ ਹੋਇਆ ਹੈ, ਦੂਜੇ ਪਾਸੇ ਅੱਗ ਵਰਗੀ ਗਰਮੀ, ਮਹਿੰਗੀ ਖੇਤੀ ਅਤੇ ਵਧਦੀ ਲਾਗਤ ਨੇ ਉਸ ਦੀ ਚਿੰਤਾ ਹੋਰ ਗਹਿਰੀ ਕਰ ਦਿੱਤੀ ਹੈ। ਝੋਨੇ ਦੀ ਲਵਾਈ ਲਈ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ ਅਤੇ ਨੇਪਾਲ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਮਾਲਵਾ ਦੇ ਪਿੰਡਾਂ ਵਿੱਚ ਪਹੁੰਚ ਚੁੱਕੇ ਹਨ। ਪਿੰਡ ਬਲਾਹੜ ਵਿੰਝੂ ਦੇ ਕਿਸਾਨ ਬਾਬੂ ਸਿੰਘ ਦੇ ਖੇਤ ਵਿੱਚ ਕੰਮ ਕਰ ਰਹੇ ਨੇਪਾਲੀ ਮਜ਼ਦੂਰਾਂ ਦੇ ਨੰਬਰਦਾਰ ਗੋਬਿੰਦ ਨੇ ਦੱਸਿਆ ਕਿ ਉਹ ਪਿਛਲੇ ਸੱਤ-ਅੱਠ ਸਾਲਾਂ ਤੋਂ ਹਰ ਸੀਜ਼ਨ ਦੌਰਾਨ ਪੰਜਾਬ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅੱਜ ਵੀ ਝੋਨੇ ਦੀ ਸਮੇਂ ਸਿਰ ਲਵਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਮਿਹਨਤ ‘ਤੇ ਵੱਡਾ ਭਰੋਸਾ ਕਰਦੇ ਹਨ। ਉਧਰ ਕਿਸਾਨ ਆਗੂ ਬਲਬੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਤਪਦੀ ਧੁੱਪ ਅਤੇ ਪਾਣੀ ਨਾਲ ਭਰੇ ਖੇਤਾਂ ਵਿੱਚ ਕਈ ਘੰਟੇ ਕੰਮ ਕਰਨਾ ਮਜ਼ਦੂਰਾਂ ਅਤੇ ਕਿਸਾਨਾਂ ਲਈ ਵੱਡੀ ਅਜ਼ਮਾਇਸ਼ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਪਹਿਰ ਵੇਲੇ ਗਰਮੀ ਅਸਹਿਣਯੋਗ ਹੋ ਜਾਂਦੀ ਹੈ, ਪਰ ਲਵਾਈ ਵਿਚ ਦੇਰੀ ਕਰਨ ਦਾ ਮਤਲਬ ਸਿੱਧਾ ਉਤਪਾਦਨ ‘ਤੇ ਅਸਰ ਪੈਣਾ ਹੈ। ਇਸ ਲਈ ਉਹ ਸਵੇਰ ਤੜਕੇ ਤੋਂ ਲੈ ਕੇ ਸ਼ਾਮ ਤੱਕ ਖੇਤਾਂ ਵਿਚ ਡਟੇ ਰਹਿੰਦੇ ਹਨ। ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਹਾਲਤ ਸਭ ਤੋਂ ਵੱਧ ਚਿੰਤਾਜਨਕ ਬਣੀ ਹੋਈ ਹੈ। ਮਹਿੰਗੇ ਭਾਅ ‘ਤੇ ਠੇਕੇ ਦੀ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੁਨਾਫ਼ੇ ਲਈ ਨਹੀਂ, ਸਗੋਂ ਆਪਣੇ ਪਰਿਵਾਰ ਦਾ ਚੁੱਲ੍ਹਾ ਤਪਾਉਣ ਲਈ ਖੇਤੀ ਕਰ ਰਹੇ ਹਨ। ਕਿਸਾਨ ਗੁਲਾਬ ਸਿੰਘ ਮੌੜ ਨੇ ਕਿਹਾ ਕਿ ਖਾਦ, ਡੀਜ਼ਲ, ਬੀਜ, ਕੀਟਨਾਸ਼ਕਾਂ ਅਤੇ ਮਜ਼ਦੂਰੀ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਖੇਤੀ ਦੀ ਆਰਥਿਕਤਾ ਹਿਲਾ ਕੇ ਰੱਖ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮਾਲਵਾ ਖੇਤਰ ਵਿਚ ਮਹਿਰਾ ਅਨੁਸਾਰ ਜਲਦ ਬਾਰਿਸ਼ ਨਾ ਹੋਈ, ਤਾਂ ਤਾਪਮਾਨ 41 ਤੋਂ 42 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਸਕਦਾ ਹੈ। ਅਜਿਹੇ ਹਾਲਾਤਾਂ ਵਿਚ ਸਿੰਚਾਈ ਲਈ ਵੱਧ ਪਾਣੀ, ਡੀਜ਼ਲ ਅਤੇ ਬਿਜਲੀ ਦੀ ਲੋੜ ਪਵੇਗੀ, ਜਿਸ ਨਾਲ ਖੇਤੀ ਦੀ ਲਾਗਤ ਹੋਰ ਵਧੇਗੀ। ਉੱਧਰ ਪਾਵਰਕਾਮ ਨੇ ਝੋਨੇ ਦੇ ਸੀਜ਼ਨ ਦੌਰਾਨ ਖੇਤੀ ਮੋਟਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਫਿਰ ਵੀ ਕਿਸਾਨਾਂ ਦਾ ਮੰਨਣਾ ਹੈ ਕਿ ਜੇ ਗਰਮੀ ਦਾ ਕਹਿਰ ਅਤੇ ਮੀਂਹ ਦੀ ਉਡੀਕ ਲੰਮੀ ਹੋਈ ਤਾਂ ਪਹਿਲਾਂ ਹੀ ਕਰਜ਼ੇ ਅਤੇ ਮਹਿੰਗੀ ਖੇਤੀ ਨਾਲ ਜੂਝ ਰਹੇ ਅੰਨਦਾਤੇ ਉੱਤੇ ਆਰਥਿਕ ਸੰਕਟ ਹੋਰ ਗਹਿਰਾ ਹੋ ਜਾਵੇਗਾ।
ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਸਿਖਰ ’ਤੇ, ਮੀਂਹ ਵਿਚ ਦੇਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ
ਅਜੀਤ ਡੈਸਕ
22-06-2026