20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪੰਜ ਸਾਲਾਂ ਤੋਂ ਅਧੂਰੀ ਪਾਈਪ ਲਾਈਨ ਕਾਰਨ 2800 ਏਕੜ ਤੱਕ ਨਹੀਂ ਪਹੁੰਚਿਆ ਨਹਿਰੀ ਪਾਣੀ

Ad Position 21
No active advertisement
ਅਜੀਤ ਡੈਸਕ 22-06-2026

ਐਕਸੀਅਨ ਬਠਿੰਡਾ ਨੇ ਕਿਹਾ, ਪਾਈਪ ਲਾਈਨ ਦਾ ਰਹਿੰਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇਗਾ
ਮਹਿਰਾਜ, 21 ਜੂਨ (ਸੁਖਪਾਲ ਮਹਿਰਾਜ)- ਪਿੰਡ ਮਾੜੀ, ਭੈਣੀ, ਕੋਠੇ ਹਿੰਮਤਪੁਰਾ, ਮਹਿਰਾਜ ਪੱਤੀ ਕਾਲਾ ਅਤੇ ਨਥਾਣਾ ਦੇ ਕਰੀਬ 2800 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਸਾਲ 2020 ਵਿਚ ਬਠਿੰਡਾ ਬ੍ਰਾਂਚ ਨਹਿਰ ਦੇ ਸਿਧਾਣਾ ਵਿਖੇ ਮੋਘਾ ਨੰਬਰ 306790-ਆਰ ਮਨਜ਼ੂਰ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਪਾਈਪ ਲਾਈਨ ਵਿਛਾਉਣ ਦਾ ਕੰਮ ਸਾਲ 2021 ਵਿਚ ਸ਼ੁਰੂ ਹੋਇਆ, ਜੋ ਭੂਮੀ ਰੱਖਿਆ ਮਹਿਕਮੇ ਨੂੰ ਸੌਂਪਿਆ ਗਿਆ ਸੀ। ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਇਹ ਪ੍ਰਾਜੈਕਟ ਅਜੇ ਵੀ ਅਧੂਰਾ ਪਿਆ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਵਿਭਾਗੀ ਅਧਿਕਾਰੀਆਂ ਅਤੇ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੰਮ ਬੇਹੱਦ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ। ਜੇਕਰ ਕੰਮ ਸਮੇਂ ਸਿਰ ਮੁਕੰਮਲ ਹੋ ਜਾਂਦਾ ਤਾਂ ਇਸ ਸੀਜ਼ਨ ਵਿੱਚ ਹਜ਼ਾਰਾਂ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕਦਾ ਸੀ। ਕਿਸਾਨਾਂ ਨੇ ਦੱਸਿਆ ਕਿ ਉਹ ਕਈ ਵਾਰ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਦੀ ਮੰਗ ਕਰ ਚੁੱਕੇ ਹਨ, ਪਰ ਭਰੋਸਿਆਂ ਤੋਂ ਇਲਾਵਾ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਲੰਬੇ ਸੰਘਰਸ਼ ਤੋਂ ਬਾਅਦ ਕਰੀਬ 20 ਦਿਨ ਪਹਿਲਾਂ ਨਹਿਰ ਦੀ ਬੰਦੀ ਦੌਰਾਨ ਸਿੰਚਾਈ ਵਿਭਾਗ ਵਲੋਂ ਮੋਘਾ ਲਗਾ ਦਿੱਤਾ ਗਿਆ ਸੀ, ਜਿਸ ਦਾ ਉਦਘਾਟਨ 8 ਜੂਨ ਨੂੰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੀਤਾ। ਪਰ ਪਾਈਪ ਲਾਈਨ ਦਾ ਕੰਮ ਅਧੂਰਾ ਹੋਣ ਕਾਰਨ ਉਦਘਾਟਨ ਤੋਂ ਬਾਅਦ ਵੀ ਮੋਘਾ ਪਿਛਲੇ 15 ਦਿਨਾਂ ਤੋਂ ਬੰਦ ਪਿਆ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਮਿਲੀ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਅਧੂਰੇ ਪ੍ਰਾਜੈਕਟਾਂ ਕਾਰਨ ਕਿਸਾਨ ਅੱਜ ਵੀ ਸਿੰਚਾਈ ਲਈ ਉਡੀਕ ਕਰਨ ਲਈ ਮਜਬੂਰ ਹਨ। ਅੱਤ ਦੀ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਪਿੰਡ ਮਾੜੀ ਦੇ ਸਰਪੰਚ ਗੁਰਸੇਵਕ ਸਿੰਘ ਨੇ ਕਿਹਾ ਕਿ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਤੋਂ ਕਿਸਾਨ ਅੱਕ ਚੁੱਕੇ ਹਨ। ਪਿੰਡ ਭੈਣੀ ਦੇ ਟੇਕ ਸਿੰਘ ਅਤੇ ਨਥਾਣਾ ਦੇ ਬਲੌਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਚਾਰ ਪਿੰਡ ਨਹਿਰੀ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ। ਹਿੰਮਤਪੁਰਾ ਦੇ ਸਾਬਕਾ ਸਰਪੰਚ ਮੱਖਣ ਸਿੰਘ ਅਤੇ ਸਾਬਕਾ ਪੰਚਾਇਤ ਮੈਂਬਰ ਗੋਬਿੰਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਕਰੀਬ 20 ਸਾਲਾਂ ਬਾਅਦ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇਗਾ, ਪਰ ਵਿਭਾਗੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਅਜੇ ਵੀ ਲੰਬੀ ਉਡੀਕ ਕਰਨੀ ਪੈ ਰਹੀ ਹੈ। ਇਸ ਸਬੰਧੀ ਜਦੋਂ ਭੂਮੀ ਰੱਖਿਆ ਮਹਿਕਮੇ ਦੇ ਐਕਸੀਅਨ, ਬਠਿੰਡਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਈਪ ਲਾਈਨ ਦਾ ਬਾਕੀ ਰਹਿੰਦਾ ਕੰਮ ਜਲਦੀ ਮੁਕੰਮਲ ਕਰਵਾ ਕੇ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਸਿਖਰ ’ਤੇ, ਮੀਂਹ ਵਿਚ ਦੇਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ ਅਗਲੀ ਖ਼ਬਰ ਰੇਲਵੇ ਵਿਭਾਗ ਵਲੋਂ 4 ਦਿਨਾਂ ਲਈ ਗੋਨਿਆਣਾ-ਬਰਕੰਦੀ ਸੜਕ ਵਾਲਾ ਰੇਲਵੇ ਫਾਟਕ ਕੀਤਾ ਬੰਦ
Ad Position 24