20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਸ਼ਿਆਂ ਅਤੇ ਬੇਅਦਬੀਆਂ ਦੇ ਮੁੱਦੇ ਹਾਲੇ ਵੀ ਪੂਰੀ ਤਰ੍ਹਾਂ ਸਰਗਰਮ

Ad Position 21
No active advertisement
ਅਜੀਤ ਡੈਸਕ 25-06-2026
ਭੁੱਚੋ ਮੰਡੀ, 24 ਜੂਨ (ਪਰਵਿੰਦਰ ਸਿੰਘ ਜੌੜਾ)- ਪੰਜਾਬ ’ਚ ਮੌਜੂਦਾ ਸਮੇਂ ਨਸ਼ਿਆਂ ਅਤੇ ਬੇਅਦਬੀਆਂ ਦੇ ਮੁੱਦੇ ਵਧੇਰੇ ਗਰਮ ਹਨ। ਬੇਅਦਬੀ ਵਾਲੀ ਵਿਵਾਦਿਤ ਵੀਡੀਓ ਨੂੰ ਲੈ ਕੇ ਸੂਬਾ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦਰਮਿਆਨ ਤਿੱਖੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਕੇਂਦਰ ਵੀ ਇਸ ਮਾਮਲੇ ਵਿਚ ਡੂੰਘੀ ਦਿਲਚਸਪੀ ਲੈਣ ਲੱਗਾ ਹੈ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿਚ ਫੋਰੈਂਸਿਕ ਲੈਬ. ਰਿਪੋਰਟਾਂ ਨੂੰ ਲੈ ਕੇ ਇਕ ਐਫ. ਆਈ. ਆਰ. ਵੀ ਦਰਜ ਕੀਤੀ ਹੈ । ਦੂਜੇ ਨਸ਼ਿਆਂ ਦੇ ਮੁੱਦੇ ’ਤੇ ਸੂਬਾ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ, ਵੱਡੀ ਮਾਤਰਾ ਵਿਚ ਨਸ਼ੇ ਬਰਾਮਦ ਕਰਨ, ਪਰਚੇ ਦਰਜ ਕਰਨ ਅਤੇ ਮੁਲਜ਼ਮਾਂ ਨੂੰ ਜੇਲ੍ਹਾਂ ਵਿਚ ਡੱਕਣ ਦੇ ਦਾਅਵੇ ਕਰ ਰਹੀ ਹੈ । ਜਦੋਂ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਸਿੰਥੈਟਿਕ ਨਸ਼ਾ ‘ਚਿੱਟਾ’ ਜਿਸ ਦੇ ਮਾਰੂ ਪ੍ਰਭਾਵ ਤੋਂ ਕੋਈ ਵੀ ਅਣਜਾਣ ਨਹੀਂ ਰਿਹਾ, ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ। ਸ਼ਹਿਰਾਂ ਤੋਂ ਬਾਅਦ ਇਹ ਅਲਾਮਤ ਪਿੰਡਾਂ ਵਿਚ ਬੁਰੀ ਤਰ੍ਹਾਂ ਘਰ ਕਰ ਗਈ ਹੈ। ‘ਚਿੱਟੇ’ ਦੀ ਲਪੇਟ ’ਚ ਆਇਆ ਕੋਈ ਵਿਅਕਤੀ ਨੈਤਿਕ ਤੌਰ ’ਤੇ ਕਿੰਨਾ ਗਿਰ ਸਕਦਾ ਹੈ, ਦੀ ਤਾਜ਼ਾ ਉਦਾਹਰਨ ਬਠਿੰਡਾ ਜ਼ਿਲ੍ਹੇ ਦੇ ਇੱਥੋਂ ਨੇੜਲੇ ਪਿੰਡ ‘ਚੋਂ ਮਿਲਦੀ ਹੈ। ਇਸ ਪਿੰਡ ਵਿਚ ਅੱਜ ਸੁਵਖਤੇ ਜੋ ਘਟਨਾ ਵਾਪਰੀ, ਉਹ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਹੈ। ਪਿੰਡ ਦੇ ਇਕ ਜ਼ਿਮੀਂਦਾਰ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ । ਮਾਂ ਤੋਂ ਇਲਾਵਾ 2 ਭਰਾ ਹਨ । ਛੋਟਾ ਲੜਕਾ ਜੋ ਅਜੇ ਕੁਆਰਾ ਹੈ ਤੇ ਮਿਹਨਤ ਨਾਲ ਖੇਤੀਬਾੜੀ ਕਰਦਾ ਹੈ। ਵੱਡਾ ਲੜਕਾ ਨਸ਼ੇੜੀ ਹੈ ਅਤੇ ਦੂਜੇ ਵਿਆਹ ਦੀ ਔਰਤ ਨਾਲ ਰਹਿ ਰਿਹਾ ਹੈ। ਪਰਿਵਾਰ ਕੋਲ 26 ਕਨਾਲਾਂ ਜ਼ਮੀਨ ਹੈ। ਨਸ਼ੇੜੀ ਪੁੱਤ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਬਿਰਧ ਮਾਂ ਅਤੇ ਛੋਟੇ ਭਰਾ ਨਾਲੋਂ ਨਾ ਸਿਰਫ਼ ਜ਼ਮੀਨ ਹੀ ਵੰਡਾ ਲਈ, ਸਗੋਂ ਬੱਕਰੀ ਤੱਕ ਦਾ ਬਟਵਾਰਾ ਵੀ ਕਰ ਲਿਆ। ਦੱਸਿਆ ਜਾਂਦਾ ਹੈ ਕਿ ਪੰਚਾਇਤ ਨੇ ਉਸ ਨੂੰ ਹਿੱਸੇ ਆਉਂਦੀ 7.5 ਕਨਾਲਾਂ ਜ਼ਮੀਨ ਦਾ ਠੇਕਾ ਦਿਵਾ ਦਿੱਤਾ ਤਾਂ ਉਸ ਨੇ ਘਰ ‘ਚ ਖੜ੍ਹੇ ਪਸ਼ੂਆਂ ਦਾ ਹਿੱਸਾ ਦੇਣ ਦੀ ਮੰਗ ਵੀ ਕੀਤੀ। ਜਦੋਂ ਉਸ ਨੂੰ ਕਿਹਾ ਗਿਆ ਕਿ ਪਸ਼ੂ ਪਰਿਵਾਰ ਨੇ ਖ਼ੁਦ ਖ਼ਰੀਦੇ ਹਨ ਅਤੇ ਇਹ ਕੋਈ ਪੁਸ਼ਤੈਨੀ ਜਾਇਦਾਦ ਨਹੀਂ ਹੈ ਤਾਂ ਨਸ਼ੇੜੀ ਪੁੱਤ ਨੇ ਕੱਟੀ ਜਾਂ ਬੱਕਰੀ ‘ਚੋਂ ਇਕ ਦੀ ਮੰਗ ਕਰਦਿਆਂ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਇਹ ਕਹਿੰਦਿਆਂ ਬੱਕਰੀ (ਪੱਠ) ਚੁੱਕ ਲਈ ਕਿ ਇਕ ਦਿਨ ਦੀ ‘ਡੋਜ਼’ ਦੇ ਕੰਮ ਆਵੇਗੀ। ਇਸੇ ਪਿੰਡ ਦੀ ਇਕ ਹੋਰ ਘਟਨਾ ਵਿਚ ਚਿੱਟੇ ਦੇ ਆਦੀ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਘਰੋਂ ਐਲ. ਈ. ਡੀ. (ਟੀ. ਵੀ.) ਹੀ ਚੁੱਕ ਕੇ ਵੇਚ ਦਿੱਤੀ। ਪਿੰਡ ਵਿਚ ਇਨ੍ਹਾਂ ਘਟਨਾਵਾਂ ਦੀ ਰੌਸ਼ਨੀ ਵਿਚ ਨਵੇਂ ਪੋਚ ਨੂੰ ਬਚਾਉਣ ਨੂੰ ਲੈ ਕੇ ਡਾਹਢੀ ਚਿੰਤਾ ਦੀ ਲਹਿਰ ਹੈ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਐਸ. ਆਈ. ਆਰ. ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦਾ ਕੰਮ ਅੱਜ ਤੋਂ- ਜ਼ਿਲ੍ਹਾ ਚੋਣ ਅਫ਼ਸਰ
Ad Position 24