ਬਠਿੰਡਾ, 3 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਥਰਮਲ ਪਲਾਂਟ ਕਰਮਚਾਰੀ ਸੰਘ ਵਲੋਂ ਸਰਪਲੱਸ ਬਿਜਲੀ ਕਾਮਿਆਂ ਨੂੰ ਮਹਿਕਮੇ ਅਧੀਨ ਲਿਆ ਕੇ ਪੱਕਾ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਛੇਤੀ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਲੋਂ ਲਗਾਤਾਰ ਪਾਵਰਕਾਮ ਦੇ ਉੱਚ-ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਥਰਮਲ ਪਲਾਂਟ ਕਰਮਚਾਰੀ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਭਗਵਾਨ ਸਿੰਘ ਪ੍ਰਧਾਨ, ਸੂਬਾ ਸਕੱਤਰ ਹਰਪ੍ਰੀਤ ਸਿੰਘ, ਖ਼ਜ਼ਾਨਚੀ ਅਜੀਤ ਸਿੰਘ, ਸੁਖਵਿੰਦਰ ਰਾਏ ਅਤੇ ਲਖਦੇਵ ਸਿੰਘ ਲੱਖਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ‘ਚੋਂ ਸਰਪਲੱਸ ਹੋਏ 635 ਕਾਮਿਆਂ ਨੂੰ ਠੇਕੇਦਾਰੀ ਸਿਸਟਮ ’ਚੋਂ ਕੱਢ ਕੇ ਸਿੱਧਾ ਮਹਿਕਮੇ ਅਧੀਨ ਰੋਲ ’ਤੇ ਲੈਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਸੰਬੰਧੀ ਅਜੇ ਤੱਕ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਲੋਂ ਅੱਜ ਪਾਵਰਕਾਮ ਦੇ ਡਿਪਟੀ ਆਈ.ਆਰ. ਮੈਨੇਜਰ ਸਮਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਨੋਟੀਫ਼ਿਕੇਸ਼ਨ ਛੇਤੀ ਜਾਰੀ ਕਰਨ ਦੀ ਮੰਗ ਕੀਤੀ ਗਈ, ਜਿੰਨ੍ਹਾਂ ਨੇ ਭਰੋਸਾ ਦਿੱਤਾ ਕਿ ਛੇਤੀ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ ਜਾਵੇਗੀ।