ਬਠਿੰਡਾ, 28 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਮੁਫ਼ਤ ਕਾਨੂੂੰਨੀ ਸਹਾਇਤਾ ਪ੍ਰਣਾਲੀ (ਲੀਗਲ ਏਡ ਡਿਫੈਂਸ ਕੌਂਸਲ ਨੀਤੀ) ਅੰਦਰਲੀਆਂ ਕੁਝ ਊਣਤਾਈਆਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਨੇ ਸੰਘਰਸ਼ ਹੋਰ ਤੇਜ਼ ਕਰਦਿਆਂ ਹੜ੍ਹਤਾਲ ਨੂੰ ਹੋਰ ਦੋ ਦਿਨਾਂ ਲਈ 30 ਜੁਲਾਈ ਤੱਕ ਵਧਾ ਦਿੱਤਾ ਹੈ। ਜਦਕਿ ਇਸੇ ਕੜੀ ਤਹਿਤ ਅੱਜ ਬਠਿੰਡਾ ਦੇ ਵਕੀਲਾਂ ਵਲੋਂ ਸੜਕਾਂ ’ਤੇ ਉੱਤਰਦੇ ਹੋਏ ਸਥਾਨਕ ਫ਼ਾਇਰ ਬ੍ਰਿਗੇਡ ਚੌਕ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਝੰਡੇ ਹੇਠਾਂ ਵਰ੍ਹਦੇ ਮੀਂਹ ’ਚ ਪੈਦਲ ਰੋਸ ਮਾਰਚ ਕੀਤਾ ਗਿਆ। ਉਪਰੰਤ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਗਿਆ। ਇਸ ਦੌਰਾਨ ਵਕੀਲਾਂ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਉਨ੍ਹਾਂ ਦੇ ਸੰਘਰਸ਼ ’ਤੇ ਕੀਤੀ ਗਈ ਟਿੱਪਣੀ ਅਤੇ ਸੰਘਰਸ਼ ਦੇ ਵਿਰੁੱਧ ਅਦਾਲਤ ’ਚ ਜਾਣ ਵਾਲੇ ਵਕੀਲ ਅਰਵਿੰਦ ਸੇਠ ਦੇ ਵਰਤਾਰੇ ਦੀ ਨਿੰਦਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਮੁਫ਼ਤ ਕਾਨੂੰਨੀ ਸਹਾਇਤਾ ਨੀਤੀ ਨਾਲ ਸੁਤੰਤਰ ਵਕਾਲਤ ਅਤੇ ਬਾਰ ਐਸੋਸੀਏਸ਼ਨਾਂ ਦੀ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਸਵੀਕਾਰ ਨਹੀਂ ਕੀਤਾ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਣਾਲੀ ਅਧੀਨ ਬਠਿੰਡਾ ’ਚ ਸੇਵਾਵਾਂ ਦੇ ਰਹੇ ਚਾਰ ਵਕੀਲਾਂ ਨੂੰ ਇਸ ਮਸਲੇ ’ਤੇ ਆਪਣਾ ਸਟੈਂਡ ਸ਼ਪੱਸ਼ਟ ਕਰਨ ਲਈ ਬਾਰ ਵਲੋਂ ਨੋਟਿਸ ਕੱਢੇ ਗਏ ਸਨ, ਜਿੰਨ੍ਹਾਂ ਨੇ ਕੋਈ ਤਲੱਸ਼ੀਬਖਸ਼ ਜਵਾਬ ਨਹੀਂ ਦਿੱਤਾ ਤੇ ਇਸ ਕਾਰਨ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਉੱਕਤ ਚਾਰੋਂ ਵਕੀਲਾਂ ਨੂੰ ਬਾਰ ’ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ 7 ਅਗਸਤ ਨੂੰ ਦਿੱਲੀ ’ਚ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ, ਜਿਸ ਸਬੰਧੀ ਸੁਪਰੀਮ ਕੋਰਟ ਅਤੇ ਦਿੱਲੀ ਪ੍ਰਸ਼ਾਸ਼ਨ ਪੱਤਰ ਵਿਹਾਰ ਜਾਰੀ ਹੈ। ਅੱਜ ਦੇ ਰੋਸ ਪ੍ਰਦਰਸ਼ਨ ’ਚ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫ਼ਰੀਦਕੋਟ, ਸੰਗਰੂਰ, ਮਲੋਟ, ਗਿੱਦੜਬਾਹਾ, ਜੈਤੋ, ਰਾਮਪੁਰਾ, ਤਲਵੰਡੀ ਸਾਬੋ, ਫੂਲ ਸਮੇਤ ਹੋਰ ਵੱਖ-ਵੱਖ ਬਾਰ ਐਸੋਸੀਏਸ਼ਨਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ।
ਬਠਿੰਡਾ ’ਚ ਵਕੀਲਾਂ ਵਲੋਂ ਵਰ੍ਹਦੇ ਮੀਂਹ ’ਚ ਵਿਸ਼ਾਲ ਰੋਸ ਮਾਰਚ, ਚਾਰ ਵਕੀਲਾਂ ਨੂੰ ਬਾਰ ’ਚੋਂ ਕੱਢਿਆ
ਅਜੀਤ ਡੈਸਕ
29-07-2026