ਨਵੀਂ ਦਿੱਲੀ, 28 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਟੀਮ ਨੇ ਗੱਡੀਆਂ ਦੀ ਚੋਰੀ ਕਰਨ ਵਾਲੇ ਇਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕੋਲੋਂ ਲਕਸ਼ਮੀ ਨਗਰ ਤੋਂ ਚੋਰੀ ਕੀਤੀ ਹੌਂਡਾ ਐਕਟਿਵਾ ਅਤੇ ਮੰਡਾਵਲੀ ਇਲਾਕੇ ਵਿਚੋਂ ਚੋਰੀ ਕੀਤਾ ਹੋਇਆ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਚੋਰ ਦਾ ਨਾਂਅ ਰੋਹਨ ਉਰਫ ਅਮਨ (18) ਹੈ ਜੋ ਕਿ ਪੂਰਬੀ ਵਿਨੋਦ ਨਗਰ ਵਿਖੇ ਰਹਿੰਦਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਦੋ ਮਾਮਲੇ ਸੁਲਝੇ ਹਨ। ਏ.ਏ.ਟੀ.ਐਸ. ਦੀ ਟੀਮ ਗੱਡੀਆਂ ਦੀ ਹੋ ਰਹੀ ਚੋਰੀ ਪ੍ਰਤੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਅਤੇ ਇਨ੍ਹਾਂ ਦੀ ਪਹਿਚਾਣ ਕਰਨ ਲਈ ਨਿਗਰਾਨੀ ਰੱਖ ਰਹੀ ਸੀ। ਏ.ਏ.ਟੀ.ਐਸ. ਦੀ ਟੀਮ ਨੂੰ ਇਕ ਗੁਪਤ ਜਾਣਕਾਰੀ ਮਿਲੀ ਕਿ ਗੱਡੀਆਂ ਦੀ ਚੋਰਨ ਕਰਨ ਵਾਲਾ ਇਕ ਚੋਰ ਸੰਡੇ ਬਾਜ਼ਾਰ ਰੋਡ, ਕੁੰਡਲੀ ਆ ਰਿਹਾ ਹੈ। ਉਪਰੋਕਤ ਟੀਮ ਨੇ ਦੱਸੀ ਥਾਂ ’ਤੇ ਆਪਣਾ ਜਾਲ ਵਿਛਾ ਦਿੱਤਾ। ਕੁਝ ਹੀ ਦੇਰ ਬਾਅਦ ਇਕ ਸ਼ੱਕੀ ਵਿਅਕਤੀ ਪੁਲਿਸ ਨੂੰ ਐਕਟਿਵਾ ’ਤੇ ਆਉਂਦਾ ਦਿਸਿਆ। ਉਸਨੂੰ ਰੁਕਣ ਦਾ ਪੁਲਿਸ ਨੇ ਇਸ਼ਾਰਾ ਕੀਤਾ ਪ੍ਰੰਤੂ ਉਹ ਭੱਜਣ ਲੱਗਾ। ਪੁਲਿਸ ਦੀ ਟੀਮ ਨੇ ਉਸ ਦਾ ਪਿੱਛਾ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਇਸ ਤੋਂ ਪੁੱਛ-ਪੜਤਾਲ ਕੀਤੀ ਤਾਂ ਇਸ ਨੇ ਦੋਵੇਂ ਗੱਡੀਆਂ ਦੀ ਚੋਰੀ ਕਰਨ ਦੀ ਗੱਲ ਸਵੀਕਾਰ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਹੋਰ ਜਾਂਚ ਕਰ ਰਹੀ ਹੈ।
ਗੱਡੀਆਂ ਦੀ ਚੋਰੀ ਕਰਨ ਵਾਲਾ ਪੁਲਿਸ ਦੇ ਧੱਕੇ ਚੜ੍ਹਿਆ
ਅਜੀਤ ਡੈਸਕ
29-07-2026