ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਮਾਛੀਵਾੜਾ ਵਿਖੇ ਬਲਾਕ ਸੰਮਤੀ ਮਾਛੀਵਾੜਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਅਹੁਦਿਆਂ ਦੀ ਚੋਣ ਅਧਿਕਾਰੀਆਂ ਵਲੋਂ ਮੁਲਤਵੀ ਕਰ ਦਿੱਤੀ ਗਈ | ਚੋਣ ਅਧਿਕਾਰੀ ਐੈੱਸ. ਡੀ. ਐੈੱਮ. ਸਮਰਾਲਾ ਗੁਰਸਿਮਰਨਜੀਤ ਕੌਰ ਦੀ ਨਿਗਰਾਨੀ ਹੇਠ ਤਿੰਨ ਵਜੇ ਬਲਾਕ ਪੰਚਾਇਤ ਦਫ਼ਤਰ ਵਿਖੇ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਉੱਥੇ ਕੁੱਲ 16 ਬਲਾਕ ਸੰਮਤੀ ਮੈਂਬਰਾਂ 'ਚੋਂ 6 ਆਮ ਆਦਮੀ ਪਾਰਟੀ ਅਤੇ 4 ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੁੱਜੇ, ਜਦਕਿ ਕਾਂਗਰਸ ਤੇ 3 ਅਤੇ ਭਾਜਪਾ ਦੇ 1 ਮੈਂਬਰ ਵਲੋਂ ਚੋਣ ਦਾ ਬਾਈਕਾਟ ਕਰਦਿਆਂ ਸ਼ਮੂਲੀਅਤ ਨਾ ਕੀਤੀ | ਚੋਣ ਪ੍ਰਕਿਰਿਆ ਜਦੋਂ ਸ਼ੁਰੂ ਹੋਈ ਤਾਂ ਪਹਿਲਾਂ ਤਿੰਨ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਿਨ੍ਹਾਂ ਦੀ ਸਹੁੰ ਚੁੱਕਣ ਵਾਲੀ ਰਸਮ ਬਾਕੀ ਸੀ, ਉਹ ਮੁਕੰਮਲ ਕੀਤੀ ਗਈ ਅਤੇ ਫਿਰ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ 6 'ਚੋਂ ਪੁੱਜੇ 4 ਮੈਂਬਰ ਵੀ ਬਾਈਕਾਟ ਕਰ ਕੇ ਦਫ਼ਤਰ 'ਚੋਂ ਬਾਹਰ ਆ ਗਏ | ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਬਲਾਕ ਸੰਮਤੀ ਦੇ ਆਮ ਆਦਮੀ ਪਾਰਟੀ ਕੋਲ 6, ਅਕਾਲੀ ਦਲ ਕੋਲ 6, ਕਾਂਗਰਸ ਕੋਲ 3 ਅਤੇ ਭਾਜਪਾ ਕੋਲ 1 ਮੈਂਬਰ ਹੈ | ਪਰ ਅੱਜ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਆਪਣੀ ਦੋਸਤੀ ਜੱਗ ਜ਼ਾਹਿਰ ਕਰ ਦਿੱਤੀ ਹੈ ਅਤੇ ਇਕੱਠੇ ਹੋ ਕੇ ਚੋਣ ਦਾ ਬਾਈਕਾਟ ਕਰ ਦਿੱਤਾ | ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬਲਾਕ ਸੰਮਤੀ ਦੇ ਮੈਂਬਰਾਂ ਦੀ ਚੋਣ ਸਮੇਂ 'ਆਪ' ਸਰਕਾਰ ਨੇ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਕੇ ਧੱਕੇਸ਼ਾਹੀ ਕੀਤੀ | ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ਵਿਚ ਸ਼੍ਰੋਮਣੀ ਅਕਾਲੀ ਨੂੰ ਲੋਕਾਂ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ, ਜਿਸ ਕਾਰਨ 'ਆਪ' ਨੂੰ ਇਨ੍ਹਾਂ ਚੋਣਾਂ ਵਿਚ ਬਹੁਮਤ ਨਾ ਮਿਲ ਸਕਿਆ | ਉਨ੍ਹਾਂ ਕਿਹਾ ਕਿ ਬਲਾਕ ਮਾਛੀਵਾੜਾ ਦੇ ਪਿੰਡਾਂ ਦਾ ਵਿਕਾਸ ਕਰਵਾਉਣਾ ਸ਼੍ਰੋਮਣੀ ਅਕਾਲੀ ਦਲ ਦੀ ਪਹਿਲ ਹੈ ਅਤੇ ਅਹੁਦਿਆਂ ਦੀ ਚੋਣ ਤੋਂ ਬਿਨਾਂ ਵੀ ਅਕਾਲੀ ਦਲ ਲੋਕਾਂ ਦੀ ਸੇਵਾ ਲਈ ਤਤਪਰ ਹੈ |