ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਐਸ. ਡੀ. ਐਮ. ਖੰਨਾ ਸਵਾਤੀ ਟਿਵਾਣਾ ਦੇ ਇੱਕ ਪੱਤਰ ਨੰਬਰ 5104 ਮਿਤੀ 26.2.2026 ਦੇ ਆਧਾਰ ਤੇ ਵਿਧਾਨ ਸਭਾ ਦੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਭਾਜਪਾ ਨੇਤਾ ਪਰਮਜੀਤ ਸਿੰਘ ਉਰਫ਼ ਪਰਮ ਵਾਲੀਆ ਖ਼ਿਲਾਫ਼ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਤੀ ਭਿ੍ਸ਼ਟਾਚਾਰ ਦੇ ਗਲਤ ਦੇਸ ਲਗਾਕੇ ਬਲੈਕਮੇਲ ਕਰਨ ਦੀ ਨੀਯਤ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਮ ਜਨਤਾ ਵਿੱਚ ਰੋਹ ਪੈਦਾ ਕਰਕੇ ਦੰਗਾ ਭੜਕਾਊ ਅਫ਼ਵਾਹਾਂ ਫੈਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਜਦੋਂ ਕਿ ਪਰਮ ਵਾਲੀਆ ਨੇ ਇਕ ਬਿਆਨ ਰਾਹੀਂ ਦਾਅਵਾ ਕੀਤਾ ਕਿ ਇਹ ਬਹੁਕਰੋੜੀ ਕਾਰਨੀਵਾਲ ਸਕੈਮ ਹੈ | ਮੇਰੀ ਸ਼ਿਕਾਇਤ ਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਦਖ਼ਲ ਤੋਂ ਸਰਕਾਰ ਬੌਖਲਾਈ ਹੈ | ਉਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਨਾਮ ਵੀ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੀ. ਐਨ. ਐਸ. 2023 ਦੀ ਧਾਰਾ 192, 356 (2) ਅਤੇ 308 (2) ਅਧੀਨ ਦਰਜ ਕੀਤਾ ਗਿਆ ਹੈ | ਦੱਸਿਆ ਗਿਆ ਹੈ ਕਿ ਐਸ. ਡੀ. ਐਮ. ਨੇ ਆਪਣੇ ਪੱਤਰ ਵਿਚ ਲਿਖਿਆ ਕਿ ਖੰਨਾ ਸ਼ਹਿਰ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ ਕਰਵਾਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਪਰਮਜੀਤ ਸਿੰਘ ਉਰਫ਼ ਪਰਮ ਵਾਲੀਆ ਵੱਲੋਂ ਸੋਸ਼ਲ ਮੀਡੀਆ ਤੇ ਸਿਟੀ ਲਾਈਵ ਗਰੁੱਪ ਨਾਮਕ ਪੇਜ/ਅਕਾਂਉਟ ਚਲਾਇਆ ਜਾ ਰਿਹਾ ਹੈ | ਜਿਸਤੇ ਪੰਜਾਬ ਸਖੀ ਸ਼ਕਤੀ ਮੇਲੇ ਬਾਰੇ ਦੰਗਾ ਭੜਕਾਊ ਅਫ਼ਵਾਹਾਂ ਫੈਲਾਈਆਂ ਜਾ ਰਹੀਆ ਹਨ | ਐਸ. ਡੀ. ਐਮ. ਨੇ ਦੋਸ਼ ਲਾਇਆ ਕਿ ਪਰਮਜੀਤ ਸਿੰਘ ਉਰਫ਼ ਪਰਮ ਵਾਲੀਆ ਵੱਲੋਂ ਇਹਨਾਂ ਅਫ਼ਵਾਹਾਂ ਨਾਲ ਆਮ ਪਬਲਿਕ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਅਪਮਾਨਿਤ ਕੀਤੀ ਗਿਆ ਹੈ | ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨਾਲ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ, ਆਮ ਪਬਲਿਕ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕਿਸੇ ਸਮੇਂ ਦੀ ਹਾਲਾਤ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਰਮਜੀਤ ਸਿੰਘ ਉਰਫ਼ ਪਰਮ ਵਾਲੀਆ ਵੱਲੋਂ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਜਿਹਨਾਂ ਵਿੱਚ ਡੀ. ਸੀ. ਲੁਧਿਆਣਾ ਹਿਮਾਸ਼ੂ ਜੈਨ. ਏ. ਡੀ. ਸੀ ਖੰਨਾ ਅਮਰਜੀਤ ਬੈਂਸ, ਅਤੇ ਮੇਰਾ ਨਾਮ ਵੀ ਸ਼ਾਮਿਲ ਹੈ, ਸਮੇਤ ਹੋਰ ਕਈ ਵਿਅਕਤੀਆਂ ਦੇ ਨਾਮ ਸਿੱਖਦੇ ਹੋਏ ਭਿ੍ਸ਼ਟਾਚਾਰ ਦੇ ਦੋਸ਼ ਲਾ ਕੇ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਜਾਚ ਦੀ ਮਨਜ਼ੂਰੀ ਦਿੱਤੇ ਜਾਣ ਸਬੰਧੀ ਲਿਖਿਆ ਗਿਆ ਹੈ | ਅਜਿਹੀ ਖ਼ਬਰ ਸੋਸ਼ਲ ਮੀਡੀਆ ਫੈਲਾਉਣ ਨਾਲ ਸਰਕਾਰੀ ਅਧਿਕਾਰੀਆਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਅਤੇ ਇਸ ਵੱਲੋਂ ਇਹ ਗਲਤ ਪ੍ਰਚਾਰ ਅਧਿਕਾਰੀਆਂ ਨੂੰ ਬਲੈਕਮੇਲ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੀਤਾ ਗਿਆ ਹੈ | ਪਰਮਜੀਤ ਸਿੰਘ ਉਰਫ਼ ਪਰਮ ਬਾਰੇ ਖ਼ੁਫ਼ੀਆ ਤੌਰ 'ਤੇ ਇਹ ਜਾਣਕਾਰੀ ਮਿਲੀ ਹੈ ਕਿ ਇਸਦੇ ਖ਼ਿਲਾਫ਼ ਪਹਿਲਾ ਵੀ ਬਲੈਕਮੇਲਿੰਗ ਕਰਨ ਅਤੇ ਇੰਟਰਨੈੱਟ ਦੇ ਮਾਧਿਅਮਾਂ ਦੀ ਗਲਤ ਵਰਤੋਂ ਕਰਦੇ ਹੋਏ ਸੋਸ਼ਲ ਮੀਡੀਆ ਤੇ ਕੁੱਝ ਲੋਕਾਂ ਦਾ ਅਕਸ ਖ਼ਰਾਬ ਕਰਨ ਸਬੰਧੀ ਮੁਕੱਦਮੇ ਦਰਜ ਹਨ | ਇਸ ਲਈ ਇਹ ਪੱਤਰ ਪਰਮਜੀਤ ਸਿੰਘ ਉਰਫ਼ ਪਰਮ ਵਾਲੀਆ ਖ਼ਿਲਾਫ਼ ਯੋਗ ਪੜਤਾਲ ਕਰ ਕੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾ ਰਿਹਾ ਹੈ | ਇਸ ਦੌਰਾਨ ਪਰਮ ਵਾਲੀਆ ਨੇ ਕਿਹਾ ਕਿ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਬੋਲਿਆ | ਕੋਈ ਧਰਨਾ ਪ੍ਰਦਰਸ਼ਨ ਕਰਨ ਲਈ ਨਹੀਂ ਉਕਸਾਇਆ, ਇਕ ਵੀ ਬੰਦਾ ਸੜਕ ਤੇ ਨਹੀਂ ਆਇਆ ਤਾਂ ਦੰਗਾ ਕਿੱਥੇ ਹੋਇਆ | ਪੁਲਿਸ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਪਰਮਜੀਤ ਸਿੰਘ ਉਰਫ਼ ਪਰਮ ਵਾਲੀਆ ਵੱਲੋਂ ਆਪਣੇ ਇਸ ਸੋਸ਼ਲ ਮੀਡੀਆ ਗਰੁੱਪ ਵਿੱਚ ਡੀ. ਸੀ. ਲੁਧਿਆਣਾ, ਏ. ਡੀ. ਸੀ ਖੰਨਾ ਅਤੇ ਐਸ. ਡੀ. ਐਮ. ਖੰਨਾ ਅਤੇ ਹੋਰ ਅਧਿਕਾਰੀਆਂ ਨੂੰ ਨਿਸ਼ਾਨਾ ਕਰਦੇ ਹੋਏ ਬਲੈਕਮੇਲਿੰਗ ਕਰਨ ਦੀ ਨੀਯਤ ਨਾਲ ਅਪਮਾਨਿਤ ਕੀਤਾ ਗਿਆ ਹੈ | ਅਤੇ ਇਹ ਵੀ ਪਾਇਆ ਗਿਆ ਕਿ ਇਹ ਪਰਮ ਵਾਲੀਆ ਸੋਸ਼ਲ ਮੀਡੀਆ/ਇੰਟਰਨੈੱਟ ਦੀ ਦੁਰਵਰਤੋਂ ਕਰਨ ਅਤੇ ਬਲੈਕਮੇਲਿੰਗ ਕਰਨ ਦਾ ਆਦੀ ਹੈ | ਜਿਸ ਕਰ ਕੇ ਥਾਣਾ ਸਿਟੀ ਖੰਨਾ 2 ਦੇ ਐਸ. ਐਚ. ਓ. ਹਰਦੀਪ ਸਿੰਘ ਵਲੋਂ ਪਰਮਜੀਤ ਸਿੰਘ ਉਰਫ ਪਰਮ ਵਾਲੀਆ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |