ਈਸੜੂ, 3 ਅਪ੍ਰੈਲ (ਬਲਵਿੰਦਰ ਸਿੰਘ)-ਐੱਸ. ਸੀ./ਬੀ. ਸੀ. ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਨੇ ਤਰੱਕੀਆਂ ਦੇ ਬੈਕਲਾਗ ਲਈ ਚੱਲ ਰਹੇ ਸੰਘਰਸ਼ ਤਹਿਤ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ | ਇਹ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਕੁਲਬੀਰ ਸਿੰਘ ਈਸੜੂ ਦੀ ਅਗਵਾਈ ਵਿੱਚ ਕੀਤੀ ਗਈ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਖਡਿਆਲ ਨੇ ਖ਼ਜ਼ਾਨਾ ਮੰਤਰੀ ਨਾਲ ਆਪਣੇ ਕੇਡਰ ਦੀਆਂ ਮੰਗਾਂ, ਜਿਵੇਂ ਕਿ ਮਲਟੀਪਰਪਜ਼ ਹੈਲਥ ਵਰਕਰ (ਮੇਲ) ਦੀਆਂ ਤਰੱਕੀਆਂ ਵਿਚ ਸਿਹਤ ਵਿਭਾਗ ਵਲੋਂ ਰਾਖਵਾਂਕਰਨ ਨੀਤੀ ਨੂੰ ਲਾਗੂ ਨਾ ਕਰਨਾ ਅਤੇ ਵਿਭਾਗਾਂ ਵਿੱਚ ਰੋਸਟਰ ਰਜਿਸਟਰਾਂ ਨੂੰ ਈ-ਪੋਰਟਲ 'ਤੇ ਅੱਪਲੋਡ ਕਰਨ ਸਬੰਧੀ ਗੱਲਬਾਤ ਕੀਤੀ ਗਈ | ਜਥੇਬੰਦੀ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਈਸ਼ੀ ਵਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜਥੇਬੰਦੀ ਦੀਆਂ ਮੰਗਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ ਅਤੇ ਜਲਦ ਹੀ ਜਥੇਬੰਦੀ ਦੀ ਮੀਟਿੰਗ ਡਾ. ਬਲਜੀਤ ਕੌਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨਾਲ ਮੀਟਿੰਗ ਕਰਵਾ ਕੇ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਜੋ ਕਿਸੇ ਵੀ ਵਰਗ ਦੇ ਮੁਲਾਜ਼ਮਾਂ ਦੇ ਸੰਵਿਧਾਨਿਕ ਹੱਕਾਂ 'ਤੇ ਡਾਕਾ ਨਾ ਵੱਜ ਸਕੇ ਅਤੇ ਸਭ ਵਰਗ ਦੀਆਂ ਸਮੇਂ-ਸਿਰ ਤਰੱਕੀਆਂ ਹੋ ਸਕਣ | ਇਸ ਮੀਟਿੰਗ ਵਿਚ ਰਿਜ਼ਰਵੇਸ਼ਨ ਐਕਟ-2006/2018 ਅਤੇ ਐੱਸ. ਸੀ. ਮੁਲਾਜ਼ਮਾਂ ਲਈ ਤਰੱਕੀਆਂ ਵਿਚ 20 ਫ਼ੀਸਦੀ ਰਾਖਵਾਂਕਰਨ ਸਬੰਧੀ ਆਏ ਮਾਨਯੋਗ ਅਦਾਲਤਾਂ ਦੇ ਫ਼ੈਸਲੇ ਅਤੇ ਭਲਾਈ ਵਿਭਾਗ, ਪੰਜਾਬ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੇ ਪੱਤਰਾਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਜਸਪਾਲ ਸਿੰਘ ਜਗੇੜਾ, ਹਰਪ੍ਰੀਤ ਸਿੰਘ ਸਰਾਭਾ, ਗੁਰਜੰਟ ਸਿੰਘ ਪਟਿਆਲਾ, ਨਰਿੰਦਰ ਮਾਨ ਮੋਹਾਲੀ, ਮਨਜੀਤ ਸਿੰਘ ਲੱਡਾ, ਜਗਮੇਲ ਸਿੰਘ ਤੁੰਗਾਂ, ਨਗਿੰਦਰ ਸਿੰਘ ਮਾਨਾਂ ਆਦਿ ਆਗੂ ਮੌਜੂਦ ਸਨ |