ਸਮਰਾਲਾ, 5 ਅਪ੍ਰੈਲ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਕੋਟਲਾ ਸ਼ਮਸਪੁਰ ਵਿਖੇ ਲੁਧਿਆਣਾ-ਚੰਡੀਗੜ੍ਹ ਹਾਈਵੇ 'ਤੇ 35 ਕਰੋੜ ਦੀ ਲਾਗਤ ਨਾਲ ਬਣਨਾ ਸ਼ੁਰੂ ਹੋਏ ਹੋਏ ਪੁਲ ਦਾ ਜਾਇਜ਼ਾ ਲੈਣ ਲਈ ਪਹੁੰਚੇ ਮੈਂਬਰ ਪਾਰਲੀਮੈਂਟ ਡਾਕ. ਅਮਰ ਸਿੰਘ ਦਾ ਪਿੰਡ ਦੀ ਪੰਚਾਇਤ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸਮਰਾਲਾ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਹਾਈਵੇ 'ਤੇ ਸਕੂਲ, ਪਿੰਡ ਅਤੇ ਲਾਗਲੇ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਜਾਣ ਵਾਲਿਆਂ ਦੀ ਸਹੂਲਤ ਲਈ ਇੱਥੇ ਇਸ ਪੁਲ ਦੀ ਸਖ਼ਤ ਲੋੜ ਸੀ ਕਿਉਂਕਿ ਇੱਥੇ ਦੁਰਘਟਨਾਵਾਂ ਹੋਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਸੀ | ਉਨ੍ਹਾਂ ਕਿਹਾ ਕਿ ਪਿੰਡ ਵਲੋਂ ਇਸ ਪੁਲ ਦੀ ਮੰਗ ਕੀਤੀ ਗਈ ਸੀ ਅਤੇ ਡਾ. ਅਮਰ ਸਿੰਘ ਨੇ ਪਿੰਡ ਨੂੰ ਇਹ ਪੁਲ ਬਣਵਾਉਣ ਦਾ ਭਰੋਸਾ ਦਿੱਤਾ ਸੀ ਜੋ ਕਿ ਉਹ ਪੂਰਾ ਖੜ ਕੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ ਪੂਰੇ ਹੋ ਚੁੱਕੇ ਪ੍ਰੋਜੈਕਟ ਲਈ ਨਵੇਂ ਪੁਲਾਂ ਲਈ ਨਵੇਂ ਫ਼ੰਡ ਪ੍ਰਵਾਨ ਕਰਵਾ ਕੇ ਲਿਆਉਣੇ ਬਹੁਤ ਮੁਸ਼ਕਿਲ ਭਰਿਆ ਕੰਮ ਹੁੰਦਾ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਉੱਚ ਪੱਧਰ 'ਤੇ ਪਹਿਲਾਂ ਹੀ ਪਾਸ ਕੀਤੇ ਫ਼ੰਡਾਂ ਵਿਚ ਵਾਧਾ ਕਰਨ ਦੀ ਪ੍ਰਥਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ | ਉਨ੍ਹਾਂ ਕਿਹਾ ਕਿ ਐੱਮ. ਪੀ. ਫ਼ੰਡ ਵਿਚੋਂ ਪਿੰਡਾਂ ਦੇ ਵਿਕਾਸ ਕੰਮਾਂ ਲਈ ਵੱਡੀਆਂ ਵੱਡੀਆਂ ਗਰਾਂਟਾਂ ਦੇਣ ਸਮੇਤ ਡਾ. ਅਮਰ ਸਿੰਘ ਨੇ ਇਸ ਤੋਂ ਪਹਿਲਾਂ ਸਥਾਨਕ ਬਹਿਲੋਲਪੁਰ ਰੋਡ ਅਤੇ ਹੁਣ ਕੋਟਲਾ ਸ਼ਮਸ਼ਪੁਰ ਵਿਖੇ ਪੁਲ ਦੇ ਕੰਮ ਸਮੇਤ ਲਗਭਗ ਇਕ ਅਰਬ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਵਾਇਆ ਹੈ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਰਪੰਚ ਮਨਦੀਪ ਸਿੰਘ, ਸਵਰਨਜੀਤ ਸਿੰਘ, ਹਰਚੰਦ ਸਿੰਘ ਮਲਕਪੁਰ ਅਤੇ ਗੁਰਮੁਖ ਸਿੰਘ ਬੁੱਲ੍ਹੇਪੁਰ ਆਦਿ ਵੀ ਹਾਜ਼ਰ ਸਨ |