ਜਗਰਾਉਂ, 9 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)- ਅੱਜ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਗ੍ਰਹਿ ਵਿਖੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਜਗਰਾਉਂ ਦੇ ਸਮੂਹ ਸਫ਼ਾਈ ਕਰਮਚਾਰੀਆਂ ਵਲੋਂ ਪਹੁੰਚ ਕੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵਲੋਂ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੂੰ ਦੱਸਿਆ ਗਿਆ ਕਿ ਸਫ਼ਾਈ ਸੇਵਕਾਂ ਦੀਆਂ ਮੁੱਖ ਮੰਗਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਸਿੱਧੀ ਭਰਤੀ ਕਰਨਾ, 10 ਸਾਲਾ ਪਾਲਿਸੀ ਰੱਦ ਕਰਨਾ ਅਤੇ 2016 ਦੇ ਕਾਨੂੰਨ ਨੂੰ ਲਾਗੂ ਕਰਨਾ ਆਦਿ ਸ਼ਾਮਿਲ ਹਨ | ਉਨ੍ਹਾਂ ਨੇ ਕਿਹਾ ਕਿ ਹਾਊਸ ਵਲੋਂ ਪ੍ਰਵਾਨ ਕੀਤੇ ਮਤੇ ਅਨੁਸਾਰ 50 ਨਵੇਂ ਸਫ਼ਾਈ ਸੇਵਕਾਂ, ਡਰਾਈਵਰਾਂ ਅਤੇ ਸੀਵਰਮੈਨਾਂ ਦੀ ਭਰਤੀ ਜਲਦੀ ਤੋਂ ਜਲਦੀ ਕਰਵਾਈ ਜਾਵੇ ਤਾਂ ਜੋ ਜਗਰਾਉਂ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ | ਵਿਧਾਇਕਾ ਬੀਬੀ ਮਾਣੂੰਕੇ ਨੇ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਰੱਖ ਕੇ ਜਲਦੀ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਸਰਪ੍ਰਸਤ ਪ੍ਰਦੀਪ ਕੁਮਾਰ ਗਿੱਲ, ਚੇਅਰਮੈਨ ਬੁੱਧ ਰਾਮ, ਸੈਕਟਰੀ ਰਜਿੰਦਰ ਕੁਮਾਰ, ਵਾਈਸ ਪ੍ਰਧਾਨ ਸਨੀ ਸੁੰਦਰ, ਸੰਤੋਖ ਰਾਮ, ਸੁਰਜੀਤ ਸਿੰਘ, ਭੂਸ਼ਣ ਗਿੱਲ, ਸੁਖਵਿੰਦਰ ਖੋਸਲਾ, ਸੁਨੀਲ ਕੁਮਾਰ ਕਾਲਾ, ਮਿਸਰੋ ਦੇਵੀ, ਆਸ਼ਾ ਰਾਣੀ, ਨੀਨਾ ਰਾਣੀ, ਕੰਚਨ, ਸੁਨੀਤਾ, ਹਰਜੀਤ ਕੌਰ, ਮਾਇਆ ਦੇਵੀ, ਤਾਰਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਕਰਮਚਾਰੀ ਹਾਜ਼ਰ ਸਨ |