ਸਮਰਾਲਾ, 20 ਅਪ੍ਰੈਲ (ਗੋਪਾਲ ਸੋਫਤ)-ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਹੁਣ ਪੰਜਾਬ ਦਾ ਬੁੱਧੀਜੀਵੀ ਸਮੇਤ ਹਰ ਵਰਗ ਅਤੇ ਆਮ ਲੋਕ ਵੱਡੀ ਆਸ ਅਤੇ ਉਮੀਦ ਨਾਲ ਭਾਜਪਾ ਵੱਲ ਵੇਖ ਰਹੇ ਹਨ ਕਿਉਂਕਿ ਦੇਸ਼ ਦੇ ਹੋਰਨਾਂ ਸੂਬਿਆਂ ਦੀ ਤਰਾਂ ਪੰਜਾਬੀ ਵੀ ਸਮਝ ਗਏ ਹਨ ਕਿ ਇਕੱਲੀ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਆਰਥਿਕ ਤੇ ਹੋਰ ਮੁਸ਼ਕਲਾਂ ਵਿਚੋਂ ਕੱਢ ਕੇ ਸੂਬੇ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ | ਸੰਧੂ ਇੱਥੋਂ ਨਜ਼ਦੀਕ ਪਿੰਡ ਹੇਡੋਂ ਵਿਖੇ ਸਥਾਨਕ ਭਾਜਪਾ ਆਗੂ ਨਿਸ਼ੂ ਚਹਿਲਾਂ ਵਲੋਂ ਕਰਵਾਈ ਗਈ ਲੋਕ ਸੰਪਰਕ ਮੁਹਿੰਮ ਵਿਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਨੌਜਵਾਨ ਆਗੂ ਨਿਸ਼ੂ ਚਹਿਲਾਂ ਦੀ ਪ੍ਰੇਰਨਾ ਸਦਕਾ ਸਮਰਾਲਾ ਵਰਗੇ ਦਿਹਾਤੀ ਹਲਕਿਆਂ ਦੇ ਵਸਨੀਕਾਂ ਦਾ ਵੀ ਬੀ. ਜੇ. ਪੀ. ਵਿਚ ਸ਼ਾਮਲ ਹੋਣ ਦੀ ਤਰ੍ਹਾਂ ਹੀ ਇਸ ਸਮੇਂ ਅਜਿਹਾ ਰੁਝਾਨ ਪੰਜਾਬ ਭਰ ਦੇ ਸਾਰੇ ਹਲਕਿਆਂ ਵਿਚ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਮੁਹਿੰਮ ਸਿਰਫ਼ ਲੋਕ ਮਿਲਣੀ ਤਕ ਇਹ ਸੀਮਤ ਨਹੀਂ ਹੈ | ਬਲਕਿ ਉਹ ਲੋਕਾਂ ਦੀਆਂ ਮੰਗਾਂ ਉਮੀਦਾਂ ਸੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਭਾਜਪਾ ਨਾਲ ਪਿਆਰ ਵਿਖਾਉਣ ਵਾਲੇ ਲੋਕਾਂ ਦੀਆਂ ਆਸਾਂ ਅਤੇ ਮੰਗਾਂ ਪੂਰੀਆਂ ਕਰਨ ਸਮੇਤ ਇਲਾਕੇ ਦਾ ਵਿਕਾਸ ਕਰਨ ਤੇ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਬਚਨਵੱਧਤਾ ਲੈ ਕੇ ਇੱਥੇ ਆਏ ਹਨ | ਉਨ੍ਹਾਂ ਨੇ ਪੰਜਾਬ ਵਿਚ ਲਾਗੂ ਹੋਏ ਬੇਅਦਬੀ ਕਾਨੂੰਨ ਨੂੰ ਪ੍ਰਵਾਨਗੀ ਦੇਣ ਲਈ ਪੰਜਾਬ ਦੇ ਰਾਜਪਾਲ ਦਾ ਧੰਨਵਾਦ ਵੀ ਕੀਤਾ | ਇਸ ਮੌਕੇ 'ਤੇ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਭਾਜਪਾ ਵਲੋਂ ਐੱਮ. ਪੀ. ਦੀ ਚੋਣ ਲੜਨ ਵਾਲੇ ਗੇਜਾ ਰਾਮ ਨੇ ਵਿਰੋਧੀ ਪਾਰਟੀਆਂ ਸਮੇਤ ਅਕਾਲੀ ਦਲ ਦੀ ਨੰਨ੍ਹੀ ਛਾਂ ਵਲੋਂ ਇਸਤਰੀਆਂ ਨੂੰ ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਰਾਖਵਾਂਕਰਨ ਦੇ ਬਿਲ ਵਿਰੁੱਧ ਵੋਟਾਂ ਪਾਉਣ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਵੋਟਰ ਇਹਨਾਂ ਨੂੰ ਨਕਾਰ ਕੇ 2017 ਵਿਚ ਨਿਸ਼ੂ ਸ਼ਰਮਾ ਨੂੰ ਜਿਤਾ ਕੇ ਪੰਜਾਬ ਵਿਚ ਬੀ. ਜੇ. ਪੀ. ਦੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਤੇ ਦਿੱਲੀ ਵਿਚ ਡਬਲ ਇੰਜਨ ਦੀ ਸਰਕਾਰ ਪੰਜਾਬ ਨੂੰ ਆਰਥਿਕਤਾ, ਰੋਜ਼ਗਾਰ ਅਤੇ ਵਿਕਾਸ ਕਰ ਕੇ ਫਿਰ ਤੋਂ ਦੇਸ਼ ਦਾ ਸਭ ਤੋਂ ਅੱਵਲ ਸੂਬਾ ਬਣਾ ਸਕੇ | ਇਸ ਲੋਕ ਸੰਪਰਕ ਮੁਹਿੰਮ ਵਿਚ ਭਾਜਪਾ ਦੇ ਆਗੂ ਕੰਵਰਵੀਰ ਸਿੰਘ ਟੌਹੜਾ ਵੀ ਸ਼ਾਮਲ ਹੋਏ | ਇਸ ਮੌਕੇ 'ਤੇ ਭਾਜਪਾ ਆਗੂ ਨਿਸ਼ੂ ਚਹਿਲਾਂ ਅਤੇ ਆਸ਼ੀਸ਼ ਚਹਿਲਾਂ ਨੇ ਆਏ ਆਗੂਆਂ, ਪਿੰਡ ਹੇਡੋਂ ਦੇ ਵਸਨੀਕਾਂ ਤੇ ਪੰਚਾਇਤ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੇਡੋਂ ਜ਼ੋਨ ਦੇ ਵੋਟਰਾਂ ਨੇ ਬਲਾਕ ਸੰਮਤੀ ਚੋਣਾਂ ਵਿਚ ਪਹਿਲੀ ਵਾਰ ਭਾਜਪਾ ਉਮੀਦਵਾਰ ਨੂੰ ਜਿਤਾ ਕੇ ਦਿਹਾਤੀ ਖੇਤਰ ਵਿਚ ਕਮਲ ਖਿੜਾਇਆ ਹੈ | ਇਸ ਮੌਕੇ 'ਤੇ ਪੰਚਾਇਤ ਸੰਮਤੀ ਦੇ ਮੈਂਬਰ ਪਰਮਜੀਤ ਕੌਰ ਅਤੇ ਬਬਲੀ ਰਾਣੀ, ਭਾਜਪਾ ਆਗੂ ਜੱਸਾ ਰਾਜੇਵਾਲ, ਮੋਹਨ ਸਿੰਘ, ਗੁਰਪ੍ਰੀਤ ਬੌਂਦਲੀ ਅਤੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ |
ਵੋਟਰਾਂ ਦਾ ਪੰਜਾਬ ਭਰ ਦੇ ਦਿਹਾਤੀ ਹਲਕਿਆਂ 'ਚ ਭਾਜਪਾ ਵਿਚ ਸ਼ਾਮਿਲ ਹੋਣ ਦਾ ਭਾਰੀ ਰੁਝਾਨ- ਸਤਨਾਮ ਸਿੰਘ ਸੰਧੂ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਭਾਜਪਾ ਆਗੂ ਗੇਜਾ ਰਾਮ ਪਿੰਡ ਹੇਡੋਂ ਵਿਖੇ ਭਾਜਪਾ ਦੇ ਬਲਾਕ ਸੰਮਤੀ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਅਤੇ ਇਸ ਮੌਕੇ ਇਕੱਤਰ ਲੋਕ | ਤਸਵੀਰਾਂ : ਗੋਪਾਲ ਸੋਫਤ<br/>
21-04-2026