ਲਿਫ਼ਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਮੰਡੀਆਂ ਵਿਚ ਲੱਗੇ ਬੋਰੀਆਂ ਦੇ ਅੰਬਾਰ
ਲਿਫ਼ਟਿੰਗ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ | ਤਸਵੀਰ : ਰਾਜਦੀਪ ਅਲਬੇਲਾ
<br/>
24-04-2026
ਮਾਛੀਵਾੜਾ ਸਾਹਿਬ, 23 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਦਾ ਕੰਮ ਲਗਭਗ ਮੁਕੰਮਲ ਹੋਣ ਕਿਨਾਰੇ ਹੈ ਜਿਸ ਵਿਚ ਸਰਕਾਰ ਵਲੋਂ ਤੈਅ 7.50 ਲੱਖ ਕੁਇੰਟਲ ਦੇ ਟੀਚੇ 'ਚੋਂ 4.33 ਲੱਖ ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ | ਇਸ ਸਮੇਂ ਅਨਾਜ ਮੰਡੀ ਵਿਚ ਲਿਫ਼ਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਚਾਰੇ ਪਾਸੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਅਤੇ ਆੜ੍ਹਤੀ ਟਰੱਕ ਮਾਲਕਾਂ ਤੇ ਠੇਕੇਦਾਰਾਂ ਅੱਗੇ ਜਲਦ ਫ਼ਸਲ ਲਿਫ਼ਟਿੰਗ ਲਈ ਮਿੰਨਤਾਂ ਕਰ ਰਹੇ ਹਨ | ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਨਾਜ ਮੰਡੀ ਮਾਛੀਵਾੜਾ 'ਚ 3 ਲੱਖ ਕੁਇੰਟਲ ਦੀ ਖ਼ਰੀਦ ਹੋ ਚੁੱਕੀ ਹੈ ਜਿਸ 'ਚੋਂ 1.21 ਲੱਖ ਕੁਇੰਟਲ ਲਿਫ਼ਟਿੰਗ ਹੋ ਗਿਆ ਜਦਕਿ ਬਾਕੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਪਈ ਹੈ | ਉਪ ਖ਼ਰੀਦ ਕੇਂਦਰ ਲੱਖੋਵਾਲ ਦੀ ਗੱਲ ਕਰੀਏ ਤਾਂ ਇੱਥੇ 60,600 ਕੁਇੰਟਲ ਖ਼ਰੀਦ ਕੀਤੀ ਗਈ ਫ਼ਸਲ 'ਚੋਂ 24,000 ਕੁਇੰਟਲ ਲਿਫ਼ਟ ਹੋਈ ਹੈ, ਹੇਡੋਂ ਬੇਟ ਵਿਖੇ 38,000 ਕੁਇੰਟਲ 'ਚੋਂ 11,000 ਕੁਇੰਟਲ ਲਿਫ਼ਟ ਹੋਇਆ ਹੈ, ਬੁਰਜ ਪਵਾਤ ਵਿਖੇ 14,700 ਕੁਇੰਟਲ 'ਚੋਂ ਕੇਵਲ 2250 ਕੁਇੰਟਲ ਲਿਫ਼ਟ ਹੋਈ ਹੈ, ਸ਼ੇਰਪੁਰ ਬੇਟ ਵਿਖੇ 21,200 ਕੁਇੰਟਲ 'ਚੋਂ 7200 ਕੁਇੰਟਲ ਕਣਕ ਦੀ ਲਿਫ਼ਟਿੰਗ ਹੋਈ ਹੈ | ਮਾਰਕੀਟ ਕਮੇਟੀ ਦੇ ਲੇਖਾਕਾਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਦਫ਼ਤਰ ਵਲੋਂ ਖ਼ਰੀਦ ਏਜੰਸੀਆਂ ਅਤੇ ਠੇਕੇਦਾਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ 72 ਘੰਟਿਆਂ 'ਚ ਫ਼ਸਲ ਦੀ ਚੁਕਾਈ ਜ਼ਰੂਰੀ ਹੈ | ਠੇਕੇਦਾਰ ਤੇ ਨੁਮਾਇੰਦੇ ਵਿਜੈ ਕੁਮਾਰ ਨੇ ਦੱਸਿਆ ਕਿ ਸਾਡੇ ਕੋਲ ਢੋਆ-ਢੁਆਈ ਲਈ ਪੁਖ਼ਤਾ ਪ੍ਰਬੰਧ ਹਨ ਪਰ ਖ਼ਰੀਦ ਏਜੰਸੀਆਂ ਕੋਲ ਗੁਦਾਮਾਂ ਵਿਚ ਕਰੇਟ ਨਹੀਂ ਜਿਸ ਕਾਰਨ ਬੋਰੀਆਂ ਨਾਲ ਭਰੀਆਂ ਗੱਡੀਆਂ ਖਾਲੀ ਨਹੀਂ ਹੋ ਰਹੀਆਂ | ਉਨ੍ਹਾਂ ਕਿਹਾ ਕਿ ਮਾਛੀਵਾੜਾ ਖ਼ਰੀਦ ਏਜੰਸੀਆਂ ਕੋਲ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਾਰਨ ਖੰਨਾ ਵਿਖੇ ਗੁਦਾਮਾਂ ਵਿਚ ਟਰੱਕ ਭੇਜੇ ਜਾ ਰਹੇ ਹਨ ਜਿੱਥੇ ਲਿਫ਼ਟਿੰਗ ਲਈ ਮਜ਼ਦੂਰ ਘੱਟ ਹੋਣ ਕਾਰਨ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ | ਠੇਕੇਦਾਰਾਂ ਵਲੋਂ ਖ਼ਰੀਦ ਏਜੰਸੀਆਂ 'ਤੇ ਪੱਲਾ ਝਾੜ ਦਿੱਤਾ ਗਿਆ | ਜਦੋਂ ਐੈੱਸ. ਡੀ. ਐੈੱਮ. ਸਮਰਾਲਾ ਗੁਰਸਿਮਰਨਜੀਤ ਕੌਰ ਨਾਲ ਲਿਫ਼ਟਿੰਗ ਸਮੱਸਿਆ ਸਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਨਾ ਚੁੱਕਿਆ |