ਸਾਹਨੇਵਾਲ, 23 ਅਪ੍ਰੈਲ (ਹਨੀ ਚਾਠਲੀ)-ਸਾਹਨੇਵਾਲ ਅਨਾਜ ਮੰਡੀ ਵਿਖੇ ਚੱਲ ਰਹੀ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਪਹੰੁਚੇ | ਇਸ ਮੌਕੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਅਤੇ ਜ਼ਿਲਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਵਲੋਂ ਮੰਤਰੀ ਮੁੰਡੀਆਂ ਦਾ ਸਵਾਗਤ ਕੀਤਾ ਗਿਆ | ਮੰਤਰੀ ਮੁੰਡੀਆਂ ਨੇ ਅਨਾਜ ਮੰਡੀ ਵਿਖੇ ਕਣਕ ਲੈ ਕੇ ਆਏ ਵੱਖ-ਵੱਖ ਕਿਸਾਨਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਤੋਂ ਸਮੱਸਿਆਵਾਂ ਬਾਰੇ ਪੁੱਛਿਆ ਗਿਆ ਤੇ ਉਨਾਂ ਕਿਸਾਨਾਂ ਨੂੰ ਕਿਹਾ ਕਿ ਅਗਰ ਕਿਸੇ ਵੀ ਕਿਸਾਨ ਨੂੰ ਅਨਾਜ ਮੰਡੀ ਅੰਦਰ ਕਣਕ ਲੈ ਕੇ ਆਉਣ ਸਮੇਂ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ | ਉਨਾਂ ਖ਼ਰੀਦ ਏਜੰਸੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਸਮੇਂ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ ਅਤੇ ਉਨਾਂ ਦੀ ਕਣਕ ਦੀ ਫ਼ਸਲ ਸਹੀਂ ਸਮੇਂ ਖਰੀਦੀ ਜਾਵੇ ਤਾਂ ਜੋ ਅਨਾਜ ਮੰਡੀ ਵਿਚ ਬੈਠੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ | ਮੰਤਰੀ ਮੁੰਡੀਆਂ ਨੇ ਕਿਹਾ ਕਿ ਆੜਤੀਆਂ ਨੂੰ ਕਣਕ ਦੀ ਲਿਫ਼ਟਿੰਗ ਦੀ ਜੋ ਸਮੱਸਿਆ ਆ ਰਹੀ ਹੈ | ਉਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਮੈਂ ਡੀ. ਸੀ. ਦੇ ਨਾਲ ਰਾਬਤਾ ਕਾਇਮ ਕਰ ਕੇ ਉਨਾਂ ਨੂੰ ਦੱਸ ਦਿੱਤਾ ਗਿਆ ਹੈ | ਇਸ ਮੌਕੇ ਆੜਤੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਅਤੇ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਜਾਣੂ ਕਰਵਾਇਆ ਜਿਸ 'ਤੇ ਮੰਤਰੀ ਮੁੰਡੀਆਂ ਨੇ ਰਾਜੀ ਸਾਹਨੇਵਾਲ ਅਤੇ ਧਾਲੀਵਾਲ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਅੰਦਰ 60575 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ ਅਤੇ ਬਾਕੀ ਪਈ ਫ਼ਸਲ ਦੀ ਲਿਫ਼ਟਿੰਗ ਕਰਵਾ ਲਈ ਜਾਵੇਗੀ | ਇਸ ਮੌਕੇ ਸੁਖਬੀਰ ਸਿੰਘ ਗਰੇਵਾਲ ਲੇਖਾਕਾਰ, ਗੁਰਸਿਮਰਨਜੀਤ ਸਿੰਘ ਮੰਡੀ ਸੁਪਰਵਾਈਜ਼ਰ, ਸਰਬਜੀਤ ਸਿੰਘ ਗਰੇਵਾਲ ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ ਜ਼ਿਲਾ ਲੁਧਿਆਣਾ, ਦਵਿੰਦਰ ਸਿੰਘ ਝੱਜ ਪ੍ਰਧਾਨ ਆੜਤੀਆ ਐਸੋਸੀਏਸ਼ਨ ਸਾਹਨੇਵਾਲ, ਜਸਬੀਰ ਸਿੰਘ ਚਹਿਲ ਖ਼ਾਨਪੁਰ, ਅਮਰਦੀਪ ਸਿੰਘ, ਪ੍ਰਧਾਨ ਅੰਮਿ੍ਤਪਾਲ ਸਿੰਘ, ਬਲਰਾਮ ਪਾਠਕ, ਪ੍ਰਧਾਨ ਰਾਜਦੀਪ ਭਾਟੀਆ, ਕੁਲਦੀਪ ਐਰੀ, ਸਤੀਸ਼ ਕੁਮਾਰ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ ਆਦਿ ਹਾਜ਼ਰ ਸਨ |