ਸਮਰਾਲਾ, 23 ਅਪ੍ਰੈਲ (ਗੋਪਾਲ ਸੋਫਤ)-ਸਥਾਨਕ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਲੋਂ ਵਿਸ਼ਵ ਕਲਾ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਸਿੱਖਿਆਤਮਕ ਦੌਰਾ ਕਰਵਾਇਆ ਗਿਆ | ਇਸ ਦੌਰੇ ਤਹਿਤ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਉਹ ਵਿਦਿਆਰਥੀ, ਜਿਨ੍ਹਾਂ ਦਾ ਵਿਸ਼ਾ ਪੇਂਟਿੰਗ ਹੈ, ਸੰਘੋਲ ਸਥਿਤ ਪ੍ਰਸਿੱਧ ਪੁਰਾਤਤਵ ਮਿਊਜ਼ੀਅਮ ਦਾ ਦੌਰਾ ਕਰਨ ਲਈ ਗਏ | ਇਸ ਦੌਰੇ ਦੀ ਅਗਵਾਈ ਸਕੂਲ ਦੇ ਪਿ੍ੰਸੀਪਲ ਡਾ. ਪੂਨਮ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਕੀਤੀ ਗਈ | ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪ੍ਰਾਚੀਨ ਸਭਿਆਚਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਮਿਊਜ਼ੀਅਮ ਵਿਚ ਸੰਭਾਲ ਕੇ ਰੱਖੀਆਂ ਗਈਆਂ ਲਗਭਗ 4500 ਸਾਲ ਪੁਰਾਣੀਆਂ ਵਸਤੂਆਂ ਨੇ ਵਿਦਿਆਰਥੀਆਂ ਦੀ ਦਿਲਚਸਪੀ ਨੇ ਪ੍ਰਭਾਵਿਤ ਕਰ ਦਿੱਤਾ | ਉੱਥੇ ਪੁਰਾਣੇ ਸਿੱਕੇ, ਖਿਡੌਣੇ, ਗਹਿਣੇ ਅਤੇ ਹੋਰ ਇਤਿਹਾਸਕ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ | ਜਿਨ੍ਹਾਂ ਨੂੰ ਵੇਖ ਕੇ ਵਿਦਿਆਰਥੀਆਂ ਨੇ ਪ੍ਰਾਚੀਨ ਕਲਾ ਅਤੇ ਜੀਵਨ ਸ਼ੈਲੀ ਬਾਰੇ ਬਹੁਤ ਕੁੱਝ ਸਿੱਖਿਆ | ਇਸ ਤੋਂ ਇਲਾਵਾ ਮਿਊਜ਼ੀਅਮ ਵਿਚ ਮਹਾਤਮਾ ਬੁੱਧ ਦੀ ਮੂਰਤੀ ਦਾ ਸਿਰ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਸੀ | ਮਿਊਜ਼ੀਅਮ ਗਾਈਡ ਵਲੋਂ ਹਰ ਇੱਕ ਚੀਜ਼ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਆਰਟ ਅਧਿਆਪਕ ਕੁਲਵਿੰਦਰ ਸਿੰਘ ਵਲੋਂ ਵੀ ਵਿਦਿਆਰਥੀਆਂ ਨੰੂ ਵਿਸਥਾਰਪੂਰਵਕ ਸਮਝਾਇਆ ਗਿਆ ਅਤੇ ਵੱਖ-ਵੱਖ ਕਲਾਤਮਕ ਪਹਿਲੂਆਂ ਦੀ ਜਾਣਕਾਰੀ ਦਿੱਤੀ | ਇਸ ਦੌਰੇ ਦਾ ਮੁਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਪ੍ਰਯੋਗਾਤਮਿਕ ਅਨੁਭਵ ਪ੍ਰਦਾਨ ਕਰਨਾ ਸੀ ਤਾਂ ਜੋ ਉਹ ਇਤਿਹਾਸ ਅਤੇ ਕਲਾ ਨਾਲ ਹੋਰ ਨੇੜੇ ਜੁੜ ਸਕਣ | ਡਾ. ਪੂਨਮ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਸੋਚਣ ਦੀ ਸਮਰਥਾ ਵਧਾਉਂਦੇ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਨੁਭਵ ਉਨ੍ਹਾਂ ਨੂੰ ਆਪਣੇ ਵਿਸ਼ੇ ਨਾਲ ਹੋਰ ਪਿਆਰ ਕਰਨ ਲਈ ਪ੍ਰੇਰਿਤ ਕਰਦੇ ਹਨ | ਸਕੂਲ ਪ੍ਰਬੰਧਨ ਵਲੋਂ ਵੀ ਭਵਿੱਖ ਵਿਚ ਇਸੇ ਤਰ੍ਹਾਂ ਸਿੱਖਿਆਤਮਕ ਦੌਰੇ ਕਰਵਾਏ ਜਾਣ ਦਾ ਭਰੋਸਾ ਦਿੱਤਾ ਗਿਆ |