ਜਗਰਾਉਂ, 26 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਨਗਰ ਕੌਂਸਲ ਵਿਚ ਪ੍ਰਸ਼ਾਸਨਿਕ ਬੇਪਵਾਹੀ ਅਤੇ ਮਿਊਾਸਪਲ ਐਕਟ ਦੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ | ਕਾਰਜਸਾਧਕ ਅਫ਼ਸਰ ਵਲੋਂ ਨਿਯਮਾਂ ਦੀ ਪਾਲਣਾ ਕਰਵਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹਿਣ ਕਾਰਨ ਸਫ਼ਾਈ ਕਰਮਚਾਰੀਆਂ ਨੂੰ ਲਗਾਤਾਰ ਦੂਜੇ ਦਿਨ ਵੀ ਹੜਤਾਲ 'ਤੇ ਬੈਠਣ ਲਈ ਮਜ਼ਬੂਰ ਹੋਣਾ ਪਿਆ | ਇਨਕਲਾਬੀ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਨਾ ਤਾਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੁਣੀਆਂ ਜਾ ਰਹੀਆਂ ਹਨ ਅਤੇ ਨਾ ਹੀ ਕੰਮਕਾਜ ਨੂੰ ਨਿਯਮਾਂ ਅਨੁਸਾਰ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਿਊਾਸਪਲ ਐਕਟ ਦੇ ਸਪੱਸ਼ਟ ਨਿਯਮਾਂ ਦੇ ਬਾਵਜੂਦ ਅਧਿਕਾਰੀ ਮਨਮਾਨੀ ਕਰ ਰਹੇ ਹਨ, ਜਿਸ ਨਾਲ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ | ਗਲੀਆਂ ਵਿਚ ਕੂੜੇ ਦੇ ਢੇਰ ਲੱਗਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਗੰਭੀਰ ਨਹੀਂ ਦਿਖਾਈ ਦੇ ਰਿਹਾ | ਕਰਮਚਾਰੀਆਂ ਨੇ ਕਿਹਾ ਜਲਦੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਨਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮਾਮਲੇ 'ਤੇ ਕਾਰਜਸਾਧਕ ਅਫ਼ਸਰ ਵਲੋਂ ਕੋਈ ਢੁੱਕਵਾਂ ਜਵਾਬ ਨਾ ਮਿਲਣ ਕਾਰਨ ਸਥਿਤੀ ਹੋਰ ਵੀ ਤਣਾਭਰੀ ਬਣਦੀ ਜਾ ਰਹੀ ਹੈ | ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਗਹਿਰਾ ਹੋ ਸਕਦਾ ਹੈ | ਇਸ ਮੌਕੇ ਸੈਕਟਰੀ ਰਜਿੰਦਰ ਕੁਮਾਰ, ਚੇਅਰਮੈਨ ਬੁਧ ਰਾਮ, ਵਾਇਸ ਪ੍ਰਧਾਨ ਸਨੀ ਸੁੰਦਰ, ਸੰਦੀਪ ਕੁਮਾਰ, ਭੂਸ਼ਨ ਗਿੱਲ, ਬਿਕਰਮ ਗਿੱਲ, ਆਸ਼ਾ ਰਾਣੀ, ਨੀਨਾ, ਮਿਸਰੋ ਦੇਵੀ, ਸੀਵਰਮੈਨ ਯੂਨੀਅਨ ਪ੍ਰਧਾਨ, ਰਾਜ਼ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ ਅਤੇ ਸਮੂਹ ਸਟਾਫ਼ ਹਾਜ਼ਰ ਸਨ |